ਪੀਏਯੂ, ਖੇਤਰੀ ਖੋਜ ਕੇਂਦਰ ਵੱਲੋਂ ਕਿਸਾਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ
ਫਰੀਦਕੋਟ, 15 ਮਾਰਚ (ਗੁਰਮੀਤ ਸਿੰਘ ਬਰਾੜ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਮੌਸਮ ਅਧਾਰਤ ਖੇਤੀ ਪ੍ਰਬੰਧਨ ਅਤੇ ਨਰਮੇ ਤੇ ਗੁਲਾਬੀ ਸੁੰਡੀ ਦੇ ਆਫ-ਸੀਜ਼ਨ ਪ੍ਰਬੰਧਨ ਲਈ ਇੱਕ ਰੋਜ਼ਾ ਕਿਸਾਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੀਏਯੂ, ਦੇ ਖੇਤਰੀ ਖੋਜ ਕੇਂਦਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਦੇ ਵਿਗਿਆਨੀਆਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ 75 ਕਿਸਾਨਾਂ ਨਾਲ ਗੱਲਬਾਤ ਕੀਤੀ ।
ਖੇਤਰੀ ਖੋਜ ਕੇਂਦਰ ਫ਼ਰੀਦਕੋਟ ਦੇ ਡਾਇਰੈਕਟਰ ਡਾ: ਕੁਲਦੀਪ ਸਿੰਘ ਨੇ ਆਏ ਹੋਏ ਕਿਸਾਨਾਂ ਅਤੇ ਵਿਗਿਆਨੀਆਂ ਦਾ ਸਵਾਗਤ ਕੀਤਾ ਅਤੇ ਖੇਤੀ ਲਈ ਮੌਸਮ ਵਿਗਿਆਨ ਸੇਵਾਵਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ | ਬਦਲਦੀਆਂ ਪਾਣੀ ਅਤੇ ਜਲਵਾਯੂ ਹਾਲਤਾਂ ਅਧੀਨ ਗੰਨੇ ਦੀ ਕਾਸ਼ਤ ਵਿਸ਼ੇ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਬਿਹਤਰ ਫਸਲ ਅਤੇ ਪਾਣੀ ਦੀ ਉਤਪਾਦਕਤਾ ਲਈ ਗੰਨੇ ਦੀ ਕਾਸ਼ਤ ਦੇ ਸੁਧਾਰਾਂ ਬਾਰੇ ਚਰਚਾ ਕੀਤੀ।
ਡਾ: ਸੁਧੀਰ ਕੁਮਾਰ ਮਿਸ਼ਰਾ (ਖੇਤੀਬਾੜੀ ਮੌਸਮ ਵਿਗਿਆਨੀ) ਨੇ ਕਿਸਾਨ ਜਾਗਰੂਕਤਾ ਪ੍ਰੋਗਰਾਮ ਦੇ ਉਦੇਸ਼ ਤੇ ਚਾਨਣਾ ਪਾਇਆ ਅਤੇ ਉਨ੍ਹਾਂ ਨੇ ਖੇਤੀਬਾੜੀ, ਬਾਗਬਾਨੀ ਅਤੇ ਪਸ਼ੂਆਂ ਦੇ ਉਤਪਾਦਨ ਤੇ ਮੌਸਮ ਦੀ ਭੂਮਿਕਾ ਦਾ ਵਰਣਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਦੱਖਣ-ਪੱਛਮੀ ਪੰਜਾਬ ਵਿੱਚ ਖੇਤੀਬਾੜੀ ‘ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਅਨੁਕੂਲਤਾ ਦੀਆਂ ਰਣਨੀਤੀਆਂ ਦਾ ਵੀ ਜ਼ਿਕਰ ਕੀਤਾ। ਡਾ. ਕੁਲਵੀਰ ਸਿੰਘ, ਪ੍ਰਮੁੱਖ ਖੇਤੀ ਵਿਗਿਆਨੀ (ਕਪਾਹ) ਦਾ ਲੈਕਚਰ ‘ਕਪਾਹ ਅਤੇ ਝੋਨੇ ਦੀਆਂ ਫ਼ਸਲਾਂ ਲਈ ਮੌਸਮ ਦੀ ਦਖਲਅੰਦਾਜ਼ੀ’ ਤੇ ਕੇਂਦਰਿਤ ਸੀ। ਡਾ: ਸਤਨਾਮ ਸਿੰਘ (ਕਪਾਹ ਕੀਟ ਵਿਗਿਆਨੀ) ਨੇ ਹਾੜੀ ਦੀ ਫ਼ਸਲ ਦੇ ਮੁੱਖ ਕੀੜਿਆਂ ਅਤੇ ਬਿਮਾਰੀਆਂ ਦੇ ਨਿਯੰਤਰਣ ਬਾਰੇ ਭਾਗੀਦਾਰਾਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਦੇ ਭਾਸ਼ਣ ‘ਕਪਾਹ ਤੇ ਗੁਲਾਬੀ ਸੁੰਡੀ ਦਾ ਕੰਟਰੋਲ’ ਦਾ ਕਿਸਾਨਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ । ਡਾ: ਗੁਰਲਾਲ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਪਾਲਣ), ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਨੇ ਗਰਮੀ ਦੇ ਮੌਸਮ ਵਿੱਚ ਪਸ਼ੂ ਪਾਲਣ ਦੇ ਪ੍ਰਬੰਧਾਂ ਬਾਰੇ ਚਰਚਾ ਕੀਤੀ। ਡਾ: ਸੁਨੀਤ ਪੰਧੇਰ (ਕੀਟ-ਵਿਗਿਆਨੀ) ਨੇ ਵੀ ਆਉਣ ਵਾਲੇ ਸਾਉਣੀ ਸੀਜ਼ਨ ਦੇ ਕੀੜੇ-ਮਕੌੜਿਆਂ ਦੇ ਪ੍ਰਬੰਧਨ ਬਾਰੇ ਗੱਲ ਕੀਤੀ। ਡਾ. ਪੰਕਜ ਰਾਠੌਰ (ਪ੍ਰਿੰਸੀਪਲ ਕਾਟਨ ਬਰੀਡਰ) ਦੁਆਰਾ ਦਿੱਤੇ ਗਏ ਸਮਾਪਤੀ ਟਿੱਪਣੀ ਅਤੇ ਧੰਨਵਾਦ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।