ਖੇਤ ਮਜ਼ਦੂਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ
ਫਰੀਦਕੋਟ, 15 ਮਾਰਚ: (ਪ੍ਰਸ਼ੋਤਮ ਕੁਮਾਰ) – ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮਜ਼ਦੂਰ ਮਰਦ ਤੇ ਔਰਤਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਮਜ਼ਦੂਰ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਪਾਲ ਸਿੰਘ ਨੰਗਲ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਣਾ ਨੇ ਆਖਿਆ ਕਿ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ ਮਜ਼ਦੂਰ ਜਥੇਬੰਦੀਆਂ ਨੇ ਜੱਥੇਬੰਦਕ ਸ਼ੰਘਰਸ਼ ਦੇ ਜ਼ੋਰ ਨਾਲ ਮੰਨਵਾਈਆਂ ਮੰਗਾਂ; ਗੁਲਾਬੀ ਸੁੰਡੀ ਨਾਲ ਮਾਰੇ ਗਏ ਨਰਮੇ ਦਾ ਮਜ਼ਦੂਰਾਂ ਨੂੰ ਨਰਮਾ ਚੁਗਾਈ ਦੇ ਮੁਆਵਜ਼ਾ ਲੈਣ, ਮਜ਼ਦੂਰ ਘਰਾਂ ਚੋਂ ਪੱਟੇ ਹੋਏ ਮੀਟਰ ਵਾਪਸ ਲਾਉਣ, ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣ, ਮਕਾਨ ਬਣਾਉਣ ਲਈ ਗਰਾਂਟਾਂ ਦੇਣ, ਮਾਈਕ੍ਰੋਫਾਇਨਾਂਸ ਕੰਪਨੀਆਂ ਵੱਲੋਂ ਜਬਰੀ ਕਰਜ਼ੇ ਉੱਗਰਾਉਣੇ ਬੰਦ ਕਰਾਉਣ, ਮਜ਼ਦੂਰਾਂ ਨੂੰ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਪੰਜਾਹ ਹਜ਼ਾਰ ਰੁਪਏ ਤੱਕ ਦੇ ਕਰਜ਼ੇ ਦੇਣ, ਪਿੰਡਾਂ ਵਿੱਚ ਮਨਰੇਗਾ ਦਾ ਕੰਮ ਚਲਾਉਣ ਅਤੇ ਕੀਤੇ ਕੰਮ ਦੇ ਬਕਾਏ ਲੈਣ, ਮਨਰੇਗਾ ਵਿੱਚ ਹੁੰਦੀ ਸਿਆਸੀ ਦਖਲ ਅੰਦਾਜੀ ਬੰਦ ਕਰਨ, ਪਿੰਡ ਭੋਲੂਵਾਲਾ ਵਿੱਚ ਮਨਰੇਗਾ ਵਿੱਚ ਕੰਮ ‘ਤੇ ਨਾ ਆਉਣ ਵਾਲੇ ਵਿਅਕਤੀਆਂ ਦੀਆਂ ਹਾਜ਼ਰੀਆਂ ਲਾ ਕੇ ਗਲਤ ਢੰਗ ਨਾਲ ਪੈਸੇ ਪੁਆਉਣ ਵਾਲਿਆਂ ਖਿਲਾਫ਼ ਕਾਰਵਾਈ ਕਰਨ, ਡਿਪੂਆਂ ਤੇ ਮਿਲਣ ਵਾਲੀ ਕਣਕ ਦਾ ਕੱਟਿਆ ਕੋਟਾ ਬਹਾਲ ਕਰਾਉਣ ਆਦਿ ਮੰਗਾਂ ਲਾਗੂ ਕਰਵਾਉਣ ਲਈ ਇਹ ਧਰਨਾ ਲਾਇਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੇਵਕ ਸਿੰਘ ਭੋਲੂਵਾਲਾ, ਮਲਕੀਤ ਸਿੰਘ ਚਮੇਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ, ਸੰਦੀਪ ਕੌਰ ਭੋਲੂ ਵਾਲਾ, ਹਰਪ੍ਰੀਤ ਕੌਰ, ਕਮਲਦੀਪ ਕੌਰ ਚੰਦਬਾਜਾ, ਬੂਟਾ ਸਿੰਘ ਪੱਕਾ, ਪਾਲਾ ਸਿੰਘ ਚਹਿਲ ਆਦਿ ਵੀ ਹਾਜਰ ਸਨ।
ਕੈਪਸ਼ਨ: 14ਐਫਡੀਕੇ01- ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨੇ ‘ਤੇ ਬੈਠੀਆਂ ਮਜ਼ਦੂਰ ਔਰਤਾਂ।