ਭਗਵੰਤ ਮਾਨ ਦੀ ਰੈਲੀ ਨੇ ਮਿਲਾਇਆ ਸੱਤ ਸਾਲਾਂ ਤੋਂ ਗੁੰਮ ਹੋਇਆ ਪੁੱਤਰ
ਰੁਜ਼ਗਾਰ ਨਾ ਮਿਲਣ ਕਾਰਨ ਘਰ ਛੱਡ ਕੇ ਚਲਾ ਗਿਆ ਸੀ ਫ਼ਰੀਦਕੋਟ ਦਾ ਜਸਵਿੰਦਰ ਸਿੰਘ
ਫ਼ਰੀਦਕੋਟ, 16 ਮਾਰਚ – (ਪ੍ਰਸ਼ੋਤਮ ਕੁਮਾਰ) ਸੱਤ ਸਾਲ ਪਹਿਲਾਂ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਸ਼ੇਰ ਸਿੰਘ ਵਾਲਾ ਤੋਂ ਗੁੰਮ ਹੋਇਆ ਨੌਜਵਾਨ ਮਾਪਿਆਂ ਨੂੰ ਪਿੰਡ ਖਟਕੜ ਕਲਾਂ ਵਿੱਚ ਭਗਵੰਤ ਮਾਨ ਦੀ ਰੈਲੀ ਵਿੱਚੋਂ ਸਹੀ ਸਲਾਮਤ ਮਿਲਣ ਕਾਰਨ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (26) ਵਾਸੀ ਸ਼ੇਰ ਸਿੰਘ ਵਾਲਾ ਸੱਤ ਸਾਲ ਪਹਿਲਾਂ ਘਰੋਂ ਫੌਜ਼ ਵਿੱਚ ਭਰਤੀ ਹੋਣ ਲਈ ਗਿਆ ਸੀ ਪਰੰਤੂ ਫੌਜ਼ ਵਿੱਚ ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਹੋਇਆ ਨੌਜਵਾਨ ਘਰ ਛੱਡ ਕੇ ਰੂਹਪੋਸ਼ ਹੋ ਗਿਆ ਸੀ ਅਤੇ ਮਾਪਿਆਂ ਨੇ ਆਪਣੇ ਬੱਚੇ ਦੇ ਗੁੰਮ ਹੋਣ ਬਾਰੇ ਥਾਣਾ ਸਾਦਿਕ ਵਿੱਚ ਮਾਮਲਾ ਵੀ ਦਰਜ ਕਰਵਾਇਆ ਸੀ ਅਤੇ ਪੁਲੀਸ ਨੇ ਵੀ ਇਸ ਨੌਜਵਾਨ ਦੀ ਕਾਫ਼ੀ ਤਲਾਸ਼ ਕੀਤੀ ਪਰੰਤੂ ਜਸਵਿੰਦਰ ਸਿੰਘ ਕਿਸੇ ਨੂੰ ਨਹੀਂ ਮਿਲਿਆ। ਇੱਕ ਦਿਨ ਪਹਿਲਾਂ ਪਿੰਡ ਖਟਕੜ ਕਲਾਂ ਵਿੱਚ ਭਗਵੰਤ ਮਾਨ ਦੀ ਰੈਲੀ ਵਾਲੀ ਥਾਂ ‘ਤੇ ਕੰਮ ਕਰ ਰਹੇ ਟੈਂਟ ਵਾਲੇ ਮਜ਼ਦੂਰਾਂ ਦੀ ਪੁਲੀਸ ਨੇ ਜਾਂਚ ਪੜਤਾਲ ਕੀਤੀ ਤਾਂ ਜਸਵਿੰਦਰ ਸਿੰਘ ਤੋਂ ਉਸ ਦਾ ਆਧਾਰ ਕਾਰਡ ਅਤੇ ਹੋਰ ਸ਼ਨਾਖਤੀ ਦਸਤਾਵੇਜ ਮੰਗੇ ਗਏ ਅਤੇ ਜਦੋਂ ਜਸਵਿੰਦਰ ਸਿੰਘ ਪੁਲੀਸ ਨੂੰ ਕੋਈ ਸ਼ਨਾਖਤੀ ਕਾਰਡ ਨਹੀਂ ਦਿਖਾ ਸਕਿਆ ਤਾਂ ਪੁਲੀਸ ਨੇ ਉਸ ਤੋਂ ਨਾਮ ਪਤਾ ਪੁੱਛਿਆ। ਪੜਤਾਲ ਦੌਰਾਨ ਪਿੰਡ ਸ਼ੇਰ ਸਿੰਘ ਵਾਲਾ ਵਿੱਚ ਮੌਜ਼ੂਦ ਉਸ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਪਿਛਲੇ ਸੱਤ ਸਾਲਾਂ ਤੋਂ ਗੁੰਮ ਹੈ। ਇਸ ਤੋਂ ਤੁਰੰਤ ਬਾਅਦ ਜਸਵਿੰਦਰ ਸਿੰਘ ਦੇ ਮਾਪਿਆਂ ਨੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨਾਲ ਸੰਪਰਕ ਕੀਤਾ ਅਤੇ ਖਟਕੜ ਕਲਾਂ ਜਾ ਕੇ ਆਪਣੇ ਲੜਕੇ ਨੂੰ ਪਹਿਚਾਣ ਲਿਆ। ਪੁਲੀਸ ਨੇ ਮੁੱਢਲੀ ਪੜਤਾਲ ਤੋਂ ਬਾਅਦ ਜਸਵਿੰਦਰ ਸਿੰਘ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਜਸਵਿੰਦਰ ਸਿੰਘ ਹੁਣ ਆਪਣੇ ਪਿੰਡ ਪੁੱਜ ਗਿਆ ਹੈ। ਇਸ ਨੌਜਵਾਨ ਦੇ ਪਿਤਾ ਦਵਿੰਦਰ ਸਿੰਘ ਨੇ ਕਿਹਾ ਕਿ ਜਸਵਿੰਦਰ ਸਿੰਘ ਦੀ ਉਮਰ 19 ਸਾਲ ਸੀ ਜਦੋਂ ਉਹ ਗੁੰਮ ਹੋਇਆ ਸੀ। 10ਵੀਂ ਪਾਸ ਜਸਵਿੰਦਰ ਸਿੰਘ ਘਰ ਦੀ ਹਾਲਤ ਸੁਧਾਰਨ ਲਈ ਸਰਕਾਰੀ ਨੌਕਰੀ ਕਰਨਾ ਚਾਹੁੰਦਾ ਸੀ ਪਰੰਤੂ ਉਸ ਨੂੰ ਨੌਕਰੀ ਨਹੀਂ ਮਿਲੀ ਅਤੇ ਹੁਣ ਇਹ ਨੌਜਵਾਨ ਪਿਛਲੇ ਸੱਤ ਸਾਲ ਤੋਂ ਰੂਹਪੋਸ਼ ਹੋ ਕੇ ਅੰਮ੍ਰਿਤਸਰ ਦੇ ਇੱਕ ਟੈਂਟ ਹਾਊਸ ਉੱਪਰ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜਦੋਂ ਜਸਵਿੰਦਰ ਸਿੰਘ ਦੇ ਮਾਂ-ਪਿਓ ਅਤੇ ਪਿੰਡ ਵਾਸੀ ਖਟਕੜ ਕਲਾਂ ਰੈਲੀ ਵਾਲੀ ਥਾਂ ‘ਤੇ ਪੁੱਜੇ ਤਾਂ ਉਹਨਾਂ ਦਾ ਲੜਕਾ ਮੁੱਖ ਸਟੇਜ਼ ਦੇ ਸਾਹਮਣੇ ਕੁਰਸੀਆਂ ਲਗਾ ਰਿਹਾ ਸੀ। ਸੱਤ ਸਾਲਾਂ ਬਾਅਦ ਪਿੰਡ ਪੁੱਜਣ ‘ਤੇ ਜਸਵਿੰਦਰ ਸਿੰਘ ਦਾ ਉਸ ਦੇ ਰਿਸ਼ਤੇਦਾਰਾਂ, ਮਾਪਿਆਂ ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਹੈ। ਜਸਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਮਾਪੇ ਮਾੜੀ ਆਰਥਿਕਤਾ ਹੋਣ ਦੇ ਬਾਵਜੂਦ ਪੰਜ ਸਾਲ ਤੱਕ ਆਪਣੇ ਇਕਲੌਤੇ ਲੜਕੇ ਨੂੰ ਲੱਭਦੇ ਰਹੇ ਅਤੇ ਪਿਛਲੇ ਦੋ ਸਾਲਾਂ ਤੋਂ ਆਪਣੇ ਪੁੱਤ ਨੂੰ ਮਿਲਣ ਦੀਆਂ ਸਾਰੀਆਂ ਆਸਾਂ ਛੱਡ ਚੁੱਕੇ ਸਨ।
ਕੈਪਸ਼ਨ: 16fdk01- ਸੱਤ ਸਾਲ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਦਾ ਹੋਇਆ ਨੌਜਵਾਨ ਜਸਵਿੰਦਰ ਸਿੰਘ।
अगली पोस्ट