ਵਧਦੇ ਤਾਪਮਾਨ ਕਾਰਨ ਦਸੰਬਰ ਮਹੀਨੇ ਬੀਜੀ ਕਣਕ ਨੂੰ ਅਖੀਰਲਾ ਪਾਣੀ ਲਾਇਆ ਜਾਵੇ- ਡਿਪਟੀ ਕਮਿਸ਼ਨਰ
ਫਰੀਦਕੋਟ, 28 ਮਾਰਚ – (ਗੁਰਮੀਤ ਸਿੰਘ ਬਰਾੜ) ਸ. ਹਰਬੀਰ ਸਿੰਘ, ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਦਸੰਬਰ ਮਹੀਨੇ ਜਾਂ ਉਸ ਤੋਂ ਬਾਅਦ ਬੀਜੀ ਕਣਕ ਨੂੰ ਤਾਪਮਾਨ ਦੇ ਲੋੜ ਤੋਂ ਜਿਆਦਾ ਵਾਧੇ ਤੋਂ ਬਚਾਉਣ ਲਈ ਲੋੜ ਅਨੁਸਾਰ ਪਾਣੀ ਲਗਾਉਣ । ਪਾਣੀ ਲਗਾਉਣ ਤੋਂ ਪਹਿਲਾਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਪਾਣੀ ਉਸ ਵੇਲੇ ਲਾਇਆ ਜਾਵੇ ਜਦੋਂ ਹਵਾ ਨਾ ਚਲਦੀ ਹੋਵੇ ਤਾਂ ਕਿ ਫਸਲ ਦੇ ਡਿੱਗ ਜਾਣ ਕਾਰਨ ਨੁਕਸਾਨ ਨਾ ਹੋਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਡਾ. ਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਮੌਸਮ ਵਿੱਚ ਆਈ ਤਬਦੀਲੀ ਕਾਰਨ ਕਣਕ ਦੇ ਦਾਣੇ ਛੋਟੇ ਰਹਿਣ ਕਾਰਨ ਫਸਲ ਦੇ ਝਾੜ ਤੇ ਪ੍ਰਭਾਵ ਪਵੇਗਾ ਅਤੇ ਇਸ ਵਾਰ ਕਣਕ ਦਾ ਝਾੜ ਘਟਣ ਦਾ ਖਦਸ਼ਾ ਵੀ ਹੈ। ਉਨ੍ਹਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੀ ਜਿਣਸ ਪੂਰੀ ਤਰ੍ਹਾਂ ਸੁਕਾ ਕੇ ਮੰਡੀਆਂ ਵਿੱਚ ਲੈ ਕੇ ਜਾਣ ਤਾਂ ਜ਼ੋ ਉਹਨਾਂ ਨੂੰ ਆਪਣੀ ਜਿਣਸ ਵੇਚਣ ਵਿੱਚ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ।