ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਸਪੀਕਰ ਨੂੰ ਕਰਾਇਆ ਜਾਣੂ
ਇਕੱਲੇ ਭਾਰਤ ਦੇਸ਼ ਅੰਦਰ ਹੀ 40 ਲੱਖ 50 ਹਜਾਰ ਨਰਸਾਂ ਦੀ ਘਾਟ : ਡਾ. ਢਿੱਲੋਂ
ਕੋਟਕਪੂਰਾ, 1 ਅਪ੍ਰੈਲ :- ਪੰਜਾਬ ਭਰ ਦੇ ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਡਾ ਮਨਜੀਤ ਸਿੰਘ ਢਿੱਲੋਂ ਸੂਬਾਈ ਪ੍ਰਧਾਨ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਇਕ ਵਫਦ ਨੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਨਾਲ ਉਹਨਾ ਦੇ ਦਫਤਰ ਵਿੱਚ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਕਾਲਜਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਕਤ ਵਫਦ ਵਿੱਚ ਡਾ ਢਿੱਲੋਂ ਸਮੇਤ ਗੁਰਦਿਆਲ ਸਿੰਘ ਬੁੱਟਰ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਸੁਨਾਮ ਸਕੱਤਰ ਜਨਰਲ ਅਤੇ ਲਵਇੰਦਰ ਸਿੰਘ ਚਹਿਲ ਮੀਤ ਪ੍ਰਧਾਨ ਵੀ ਸ਼ਾਮਲ ਸਨ। ਉਹਨਾਂ ਦੱਸਿਆ ਕਿ ਭਾਵੇਂ ਦੇਸ਼ ਭਰ ’ਚ ਨਰਸਿੰਗ ਦੇ ਕਿੱਤੇ ਵਾਲੀਆਂ ਨਰਸਾਂ ਦੀ ਕੋਵਿਡ ਦੌਰਾਨ ਕਮੀ ਮਹਿਸੂਸ ਹੋਈ ਤੇ ਉਹਨਾ ਦੀਆਂ ਸੇਵਾਵਾਂ ਦੀ ਪ੍ਰਧਾਨ ਮੰਤਰੀ ਤੱਕ ਨੇ ਪ੍ਰਸੰਸਾ ਕੀਤੀ ਪਰ ਇਸ ਸਮੇਂ ਦੁਨੀਆਂ ਭਰ ਵਿੱਚ ਨਰਸਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਅਰਥਾਤ ਦੁਨੀਆਂ ਭਰ ਵਿੱਚ ਨਰਸਾਂ ਦੀ ਵੱਧ ਰਹੀ ਮੰਗ ਦੇ ਮੱਦੇਨਜਰ ਇਸ ਵੇਲੇ ਪੰਜਾਬ ਦੇ ਨਰਸਿੰਗ ਕਾਲਜਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਸਖਤ ਜਰੂਰਤ ਹੈ। ਵਫਦ ਵਿੱਚ ਸ਼ਾਮਲ ਸਮੂਹ ਅਹੁਦੇਦਾਰਾਂ ਨੇ ਦਾਅਵਾ ਕੀਤਾ ਕਿ ਵਿਸ਼ਵ ਸਿਹਤ ਸੰਸਥਾ (ਡਬਲਯੂ ਐੱਚ ਓ) ਮੁਤਾਬਿਕ ਇਸ ਵੇਲੇ ਇਕੱਲੇ ਭਾਰਤ ਦੇਸ਼ ਅੰਦਰ ਹੀ 40 ਲੱਖ 50 ਹਜਾਰ ਨਰਸਾਂ ਦੀ ਘਾਟ ਹੈ, ਜਿਸ ਦੀ ਭਰਪਾਈ ਲਈ ਨਰਸਿੰਗ ਕਾਲਜਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਡਾ. ਢਿੱਲੋਂ ਨੇ ਦੱਸਿਆ ਕਿ ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਨੂੰ ਪਿਛਲੇ ਪੰਜ ਸਾਲ ਤੋਂ ਸਕਾਲਰਸ਼ਿਪ ਦੀ ਬਕਾਇਆ ਰਕਮ ਨਹੀਂ ਮਿਲੀ, ਜਿਸ ਕਰਕੇ ਲਗਭਗ ਸਾਰੇ ਕਾਲਜਾਂ ਦੀ ਆਰਥਿਕ ਸਥਿੱਤੀ ਡਾਵਾਂਡੋਲ ਹੋ ਚੁੱਕੀ ਹੈ ਤੇ ਕਈ ਕਾਲਜਾਂ ਦੇ ਪ੍ਰਬੰਧਕ ਆਪਣੇ ਅਧਿਆਪਕਾਂ ਸਮੇਤ ਸਟਾਫ ਨੂੰ ਤਨਖਾਹਾਂ ਦੇਣ ਵਿੱਚ ਵੀ ਔਖ ਮਹਿਸੂਸ ਕਰ ਰਹੇ ਹਨ, ਇਸ ਲਈ ਉਕਤ ਕਿੱਤੇ ਨੂੰ ਬਚਾਉਣ ਅਤੇ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਜਰੂਰ ਧਿਆਨ ਦੇਵੇ। ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਵਾਸ਼ ਦਿਵਾਇਆ ਕਿ ਅਗਾਮੀ ਦਿਨਾਂ ’ਚ ਉਹਨਾਂ ਦੀ ਮੁੱਖ ਮੰਤਰੀ ਜਾਂ ਮੈਡੀਕਲ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰਵਾਈ ਜਾਵੇਗੀ ਤਾਂ ਜੋ ਕਾਲਜ ਪ੍ਰਬੰਧਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਸਕੇ।