ਨਾਰਥ ਜ਼ੋਨ ਪਲਾਸਟਿਕ ਸਰਜਨ ਐਸੋਸੀਏਸ਼ਨ ਵੱਲੋਂ 16ਵੀਂ ਤਿੰਨ ਰੋਜ਼ਾ ਕਾਨਫ਼ਰੰਸ ਦਾ ਆਯੋਜਨ
-ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਵਿਜੇ ਸਿੰਗਲਾ ,ਵਿਧਾਇਕ ਸੇਖੋਂ ਸਮੇਤ ਵੱਡੀ ਗਿਣਤੀ ਵਿਚ ਬੁਲਾਰਿਆਂ ਨੇ ਕੀਤਾ ਸੰਬੋਧਨ
-ਪੰਜਾਬ ਸਰਕਾਰ ਰਾਜ ਵਾਸੀਆਂ ਨੂੰ ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰੇਗੀ- ਸੰਧਵਾਂ
-ਰਾਜ ਵਿੱਚ 16 ਹਜਾਰ ਮੁਹੱਲਾ ਕਲੀਨਿਕ ਸਥਾਪਤ ਕੀਤੇ ਜਾਣਗੇ-ਸਿੰਗਲਾ
-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਬਾਬੂ ਜਗਜੀਵਨ ਰਾਮ ਛਾਤਰਾਵਾਸ ਯੋਜਨਾ ਅਧੀਨ ਨਵੇਂ ਹੋਸਟਲ ਦਾ ਕੀਤਾ ਉਦਘਾਟਨ
ਫਰੀਦਕੋਟ, 8 ਅਪ੍ਰੈਲ – (ਗੁਰਮੀਤ ਸਿੰਘ ਬਰਾੜ) ਨਾਰਥ ਜ਼ੋਨ ਪਲਾਸਟਿਕ ਸਰਜਨ ਐਸੋਸੀਏਸ਼ਨ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ 16 ਵੀਂ ਤਿੰਨ ਰੋਜ਼ਾ ਪਲਾਸਟਿਕ ਸਰਜਨ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਡਾ. ਵਿਜੇ ਸਿੰਗਲਾ, ਵਿਧਾਇਕ ਸ੍ਰੀ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਯੂਨੀਵਰਸਿਟੀ ਦੀਆਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਪਲਾਸਟਿਕ ਸਰਜਨ ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਇਸ ਕਾਨਫਰੰਸ ਲਈ ਆਯੋਜਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਡਾ ਵਿਜੇ ਸਿੰਗਲਾ ਅਤੇ ਫ਼ਰੀਦਕੋਟ ਦੇ ਵਿਧਾਇਕ ਸ੍ਰੀ ਗੁਰਦਿੱਤ ਸਿੰਘ ਸੇਖੋਂ ਨੇ ਪਲਾਸਟਿਕ ਸਰਜਨ ਐਸੋਸੀਏਸ਼ਨ ਵੱਲੋਂ ਪਲਾਸਟਿਕ ਸਰਜਰੀ ਸਬੰਧੀ ਕੀਤੀ ਜਾ ਰਹੀ ਤਿੰਨ ਰੋਜ਼ਾ ਵਿਸ਼ੇਸ਼ ਕਾਨਫ਼ਰੰਸ ਦੀ ਸਰਹਾਨਾ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਵਿਚ ਪਲਾਸਟਿਕ ਸਰਜਰੀ ਦੇ ਖੇਤਰ ਵਿਚ ਡਾਕਟਰਾਂ ਨੂੰ ਨਵਾਂ ਸਿੱਖਣ ਨੂੰ ਮਿਲੇਗਾ ਅਤੇ ਲੋਕਾਂ ਨੂੰ ਇਸ ਨਾਲ ਹੋਰ ਸਹੂਲਤਾਂ ਮਿਲਣਗੀਆਂ।ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ ਰਾਜ ਸਰਕਾਰ ਦੇ ਮੁੱਖ ਏਜੰਡੇ ਵਿੱਚ ਹੈ। ਇਸ ਮੌਕੇ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਤੇ ਇਸ ਤੋਂ ਇਲਾਵਾ ਰਾਜ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲੋੜੀਂਦੇ ਡਾਕਟਰਾਂ ਤੇ ਹੋਰ ਸਟਾਫ ਦੀ ਭਰਤੀ ਜਲਦ ਕੀਤੀ ਜਾਵੇਗੀ। ਇਸ ਮੌਕੇ ਡਾ:ਵਿਜੇ ਸਿੰਗਲਾ, ਸਿਹਤ ਤੇ ਪਰਿਵਾਰ ਭਲਾਈ, ਤੇ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ,ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਦੇ ਲੋਕਾਂ ਨੂੰ ਬੁਨਿਆਦੀ ਸੇਵਾਵਾਂ ਦੇ ਨਾਲ ਨਾਲ ਵਧੀਆ ਸਿਹਤ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਤੇ ਵੱਡੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਕ ਇਨ ਇੰਟਰਵਿਊ ਰੱਖ ਕੇ ਡਾਕਟਰਾਂ ਤੇ ਹੋਰ ਲੋੜੀਂਦੇ ਸਟਾਫ਼ ਦੀ ਭਰਤੀ ਜਲਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਭਰਤੀ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਮੈਰਿਟ ਦੇ ਆਧਾਰ ਤੇ ਕੀਤੀ ਜਾਵੇਗੀ। ਡਾ. ਵਿਜੇ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ, ਫਰੀਦਕੋਟ ਅਤੇ ਅੰਮ੍ਰਿਤਸਰ ‘ਚ ਸੁਪਰ-ਸਪੈਸ਼ਲਿਟੀ ਬ੍ਰਾਂਚਾਂ ਨੂੰ ਹੋਰ ਵੀ ਬਿਹਤਰ ਬਣਾਉਣ ਸਮੇਤ ਟਰਸ਼ਰੀ ਤੇ ਸੈਕੰਡਰੀ ਕੇਅਰ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਨਾਰਥ ਜ਼ੋਨ ਪਲਾਸਟਿਕ ਸਰਜਨ ਐਸੋਸੀਏਸ਼ਨ ਵੱਲੋਂ ਯੂਨੀਵਰਸਿਟੀ ਵਿੱਚ ਕਰਵਾਈ ਗਈ ਕਾਨਫਰੰਸ ਵਿੱਚ ਵੱਖ-ਵੱਖ ਪਲਾਸਟਿਕ ਸਰਜਨਾਂ ਵੱਲੋਂ ਇਸ ਖੇਤਰ ਵਿੱਚ ਰੀਕੰਨਸਟਰਟਿਵ ਅਤੇ ਕਾਸਮੈਟਿਕ ਸਰਜਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ: ਰਵੀ ਮਹਾਜਨ ਜੋ ਭਾਰਤ ਦੀ ਪਲਾਸਟਿਕ ਸਰਜਨ ਐਸਸੀਏਸ਼ਨ ਦੇ ਪ੍ਰਧਾਨ ਹਨ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਏ। ਬੁਲਾਰਿਆਂ ਨੇ ਕਿਹਾ ਕਿ ਇਹ ਕਾਨਫਰੰਸ ਨੋਜਵਾਨ ਡਾਕਟਰਜ਼ ਅਤੇ ਨਰਸਿੰਗ ਲਈ ਇਹ ਪ੍ਰਰੇਣਾ ਦਾਇਕ ਹੋਵਗੀ।ਇਸ ਕਾਨਫਰੰਸ ਵਿੱਚ ਨਾਰਥ ਜੋਨ ਜਿਵੇਂ ਕਿ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ ਦੇ ਪਲਾਸਟਿਕ ਸਰਜਨ ਨੇ ਭਾਗ ਲਿਆ। ਇਸ ਤੋਂ ਪਹਿਲਾਂ ਸਿਹਤ ਮੰਤਰੀ ਨੂੰ ਫ਼ਰੀਦਕੋਟ ਵਿਖੇ ਪਹੁੰਚਣ ਤੇ ਪੁਲੀਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ ਤੇ ਸਿਹਤ ਮੰਤਰੀ ਵਿਜੇ ਸਿੰਗਲਾ, ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ,ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ, ਉਪ ਕੁਲਪਤੀ ਡਾ. ਰਾਜ ਬਹਾਦਰ ਵੱਲੋਂ ਬਾਬੂ ਜਗਜੀਵਨ ਰਾਮ ਛਾਤਰਾਵਾਸ ਯੋਜਨਾ ਤਹਿਤ ਲੜਕੀਆਂ ਦੇ ਨਵੇਂ ਬਣੇ ਹੋਸਟਲ ਦਾ ਉਦਘਾਟਨ ਵੀ ਕੀਤਾ ਗਿਆ ਅਤੇ ਯਾਦਗਾਰ ਵਜੋਂ ਬੂਟਾ ਲਗਾਇਆ ਗਿਆ। ਇਸ ਮੌਕੇ ਪਲਾਸਟਿਕ ਸਰਜਰੀ ਐਸੋਸੀਏਸ਼ਨ ਦੇ ਪ੍ਰਧਾਨ ,ਡਾ. ਦੀਪਕ ਜੌਹਨ ਭੱਟੀ, ਪ੍ਰਿੰਸੀਪਲ ਮੈਡੀਕਲ ਕਾਲਜ ਡਾ ਰਾਜੀਵ ਜੋਸ਼ੀ ,ਐਮ.ਐਸ ਮੈਡੀਕਲ ਕਾਲਜ ਡਾ ਸੁਲੇਖ ਮਿੱਤਲ, ਐੱਸ. ਡੀ. ਐੱਮ ਮੈਡਮ ਬਲਜੀਤ ਕੌਰ ,ਸਿਵਲ ਸਰਜਨ ਡਾ ਸੰਜੇ ਕਪੂਰ, ਐੱਸ .ਪੀ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ, ਐਸ.ਐਮ .ਓ ਡਾ ਚੰਦਰ ਸ਼ੇਖਰ ਕੱਕਡ਼, ਡਾ ਰਵਿੰਦਰ ਗਰਗ, ਡਾ ਐੱਸ ਪੀ ਸਿੰਘ, ਕੰਟਰੋਲਰ ਸਮੇਤ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਡਾਕਟਰ ਹਾਜ਼ਰ ਸਨ।