ਮਹਿੰਗਾਈ ਨੇ ਆਮ ਲੋਕਾਂ ਨੂੰ ਨਿੰਬੂ ਵਾਂਗ ਨਚੋੜ ਦਿੱਤਾ ਹੈ : ਢੋਸੀਵਾਲ
— ਸਰਕਾਰ ਮਹਿੰਗਾਈ ਰੋਕਣ ਲਈ ਕਦਮ ਚੁੱਕੇ —
ਸ੍ਰੀ ਮੁਕਤਸਰ ਸਾਹਿਬ, 09 ਅਪ੍ਰੈਲ – ਦੇਸ਼ ਵਿਚ ਪੈਟਰੋਲ, ਡੀਜ਼ਲ, ਰਸੋਈ ਗੈਸ ਸਮੇਤ ਖਾਣ ਪੀਣ ਦੀਆਂ ਵਸਤਾਂ ਅਤੇ ਸਬਜੀਆਂ ਆਦਿ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਮਹਿੰਗਾਈ ਕਾਰਨ ਲੋਕਾਂ ਦਾ ਲੱਕ ਟੁੱਟ ਚੁੱਕਾ ਹੈ। ਰੋਜਾਨਾਂ ਵਰਤੋਂ ਦੀਆਂ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਸਾਰੇ ਪਾਸੇ ਤਰਾਹ ਤਰਾਹ ਮੱਚੀ ਪਈ ਹੈ। ਦੁਖਿਆਰੀ ਜਨਤਾ ਦੀ ਆਵਾਜ਼ ਨੂੰ ਸਮੇਂ ਦੇ ਹਾਕਮ ਨਹੀਂ ਸੁਣ ਰਹੇ। ਸਮਾਜ ਅਤੇ ਆਮ ਲੋਕਾਂ ਦੇ ਭਲੇ ਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਮਿਸ਼ਨ ਵੱਲੋਂ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਸਿਟੀ ਹੋਟਲ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਿਸ਼ਨ ਦੇ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ, ਸਲਾਹਕਾਰ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਬਿੰਦਰ ਗੋਨਿਆਣਾ ਪੀ.ਏ., ਚੌ. ਬਲਬੀਰ ਸਿੰਘ, ਓ.ਪੀ. ਖਿੱਚੀ, ਡਾ. ਸੁਰਿੰਦਰ ਗਿਰਧਰ (ਚਾਰੇ ਉਪ ਪ੍ਰਧਾਨ) ਸਮੇਤ ਜਗਦੀਸ਼ ਚੰਦਰ ਧਵਾਲ ਆਦਿ ਮੌਜੂਦ ਸਨ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਵੱਧ ਰਹੀ ਮਹਿੰਗਾਈ ਲਈ ਜਿੰਮੇਵਾਰ ਕੇਂਦਰ ਅਤੇ ਰਾਜ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ ਗਈ ਅਤੇ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਚੇਅਰਮੈਨ ਹਨੀ ਫੱਤਣਵਾਲਾ ਨੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਡੀਜਲ ਅਤੇ ਪੈਟਰੋਲ ’ਤੇ ਵੈਟ ਘਟਾਇਆ ਜਾਵੇ ਕਿਉਂਕਿ ਅਜਿਹਾ ਕੀਤੇ ਜਾਣ ਨਾਲ ਸਾਰੀਆਂ ਦੂਜੀਆਂ ਵਸਤੂਆਂ ਦੇ ਭਾਅ ਵੀ ਥੱਲੇ ਆਉਣਗੇ। ਮੁੱਖ ਰੂਪ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ੍ਰੀ ਢੋਸੀਵਾਲ ਨੇ ਕਿਹਾ ਕਿ ਮਹਿੰਗਾਈ ਦੇ ਇਸ ਯੁੱਗ ਵਿੱਚ ਘਰੇਲੂ ਰੋਜਾਨਾ ਵਰਤੋਂ ਦੀਆਂ ਚੀਜ਼ਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਬਜਾਰ ਵਿੱਚ ਕੋਈ ਵੀ ਦਾਲ ਡੇਢ ਸੌ ਰੁਪਏ ਤੋਂ ਕਿਲੋ ਤੋਂ ਘੱਟ ਨਹੀਂ ਮਿਲਦੀ, ਸਰੌਂ ਦਾ ਤੇਲ ਢਾਈ ਸੌ ਦੇ ਕਰੀਬ ਪਹੁੰਚਿਆ ਹੋਇਆ ਹੈ। ਰਿਫਾਇੰਡ ਅਤੇ ਬਨਸਪਤੀ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਇਸੇ ਤਰਾਂ ਸਬਜੀਆਂ ਬਾਰੇ ਉਨਾਂ ਕਿਹਾ ਕਿ ਬਜਾਰ ਵਿੱਚ ਕੱਦੂ ਸੌ ਰੁਪਏ ਕਿਲੋ ਤੋਂ ਉਪਰ, ਭਿੰਡੀ ਇੱਕ ਸੌ ਵੀਹ ਰੁਪਏ, ਹਰੀਆਂ ਮਿਰਚਾਂ ਢਾਈ ਸੌ ਰੁਪਏ ਦੇ ਕਰੀਬ ਅਤੇ ਵੈਂਗਣ ਅੱਸੀ ਰੁਪਏ ਕਿਲੋ ਦੇ ਕਰੀਬ ਹੋਏ ਪਏ ਹਨ। ਨਿੰਬੂ ਤਿੰਨ ਸੌ ਰੁਪਏ ਪ੍ਰਤੀ ਕਿਲੋ ਤੋਂ ਵੀ ਵੱਧ ਕੀਮਤ ’ਤੇ ਵਿਕ ਰਹੇ ਹਨ। ਮਿਸ਼ਨ ਵੱਲੋਂ ਜਲਦੀ ਹੀ ਇਸ ਸਬੰਧ ਵਿੱਚ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਰੋਸ ਮੀਟਿੰਗ ਆਯੋਜਿਤ ਕੀਤੀ ਜਾਵੇਗੀ।
ਫੋਟੋ ਕੈਪਸ਼ਨ : ਮੀਟਿੰਗ ਦੌਰਾਨ ਪ੍ਰਧਾਨ ਢੋਸੀਵਾਲ ਅਤੇ ਹੋਰ।