ਇਨਸਾਫ ਦੀ ਮੰਗ ਨੂੰ ਲੈ ਕੇ ਜਿਲ੍ਹਾ ਫਰੀਦਕੋਟ ਦੇ ਸਮੂਹ ਸਕੂਲ ਰਹੇ ਬੰਦ
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੇ ਸੱਦੇ ਤੇ ਸੂਬੇ ਦੀਆਂ ਸਾਰੀਆਂ ਸੰਸਥਾਵਾਂ 11 ਅਪ੍ਰੈਲ ਨੂੰ ਰੋਸ ਵਜੋਂ ਬੰਦ ਰਹੀਆਂ। ਇਸ ਸੱਦੇ ਦਾ ਸਮਰਥਨ ਕਰਦੇ ਹੋਏ ਆਲ ਐਫੀਲਿਏਟਡ ਸਕੂਲ ਐਸੋਸੀਏਸ਼ਨਜ਼ (ਆਸਾ), ਪੰਜਾਬ ਅਨ – ਏਡਿਡ ਸਕੂਲ ਐਸੋਸੀਏਸ਼ਨਜ਼ (ਪੂਸਾ) ਅਤੇ ਰਾਸਾ ਨਾਲ ਸਬੰਧਿਤ ਫਰੀਦਕੋਟ ਜਿਲ੍ਹੇ ਦੇ ਸਮੂਹ ਸਕੂਲ ਬੰਦ ਰੱਖੇ ਗਏ । ਇਹ ਜਾਣਕਾਰੀ ਦਿੰਦੇ ਹੋਏ ਜੈਪਾਲ ਸ਼ਰਮਾਂ ਅਤੇ ਰਾਜ ਥਾਪਰ ਨੇ ਕਿਹਾ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਇੱਕ ਸਕੂਲ ਦੀ ਚਾਰ ਸਾਲਾ ਬੱਚੀ ਨਾਲ ਦੁਸ਼ਕਰਮ ਹੋਣ ਦੀ ਘਟਨਾ ਸਾਹਮਣੇ ਆਈ ਹੈ। ਉਸ ਸਕੂਲ ਦੇ ਕੈਮਰਿਆਂ ਦੀ ਰਿਕਾਰਡਿੰਗ ਮੁਤਾਬਕ ਬੱਚੀ ਠੀਕ ਠਾਕ ਆਪਣੀ ਕਲਾਸ ਵਿੱਚ ਜਾਂਦੀ ਹੈ ਅਤੇ ਪੂਰੇ ਦਿਨ ਉਪਰੰਤ ਬੱਚੀ ਦੀ ਮਾਤਾ ਉਸ ਨੂੰ ਆਪ ਸਕੂਲ ਵਿੱਚੋਂ ਮੋਟਰ ਸਾਇਕਲ ਤੇ ਲੈ ਕੇ ਗਈ। ਬਜ਼ਾਰ ਜਾਣ ਉਪਰੰਤ ਬੱਚੀ ਘਰ ਗਈ ਅਤੇ ਇੱਕ ਹੋਰ ਵੀਡੀਓ ਮੁਤਾਬਕ ਬੱਚੀ ਸ਼ਾਮ ਨੂੰ ਮੁਹੱਲੇ ਵਿੱਚ ਸਹੀ ਘੁੰਮਦੀ ਨਜ਼ਰ ਆ ਰਹੀ ਹੈ। ਬੱਚੀ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਨਿੰਦਾ ਕੀਤੀ ਹੈ ਅਤੇ ਨਾਲ ਹੀ ਬਿਨਾਂ ਕਿਸੇ ਤੱਥਾਂ ਤੋਂ ਨਿਰਦੋਸ਼ ਮੈਨੇਜਮੈਂਟ ਤੇ ਪਰਚਾ ਦਰਜ ਕਰਨ ਅਤੇ ਗ੍ਰਿਫਤਾਰ ਕਰਨ ਦੀ ਵੀ ਨਿੰਦਾ ਕੀਤੀ ਹੈ। ਪੁਲਿਸ ਅਤੇ ਸਾਰਾ ਇਲਾਕਾ ਜਾਣਦਾ ਹੈ ਕਿ ਮੈਨੇਜਮੈਂਟ ਨਿਰਦੋਸ਼ ਹੈ। ਉਹਨਾਂ ਕਿਹਾ ਕਿ ਬਿਨਾਂ ਕਿਸੇ ਤਫਤੀਸ਼ ਤੋਂ ਨਿਰਦੋਸ਼ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਨਹੀਂ ਜਾਣਾ ਚਾਹੀਦਾ ਅਤੇ ਕਿਹਾ ਕਿ ਜੇਕਰ ਬੱਚੀ ਨੂੰ ਜਲਦ ਇਨਸਾਫ ਨਾ ਮਿਲਿਆ ਅਤੇ ਨਿਰਦੋਸ਼ ਮੈਨੇਜਮੈਂਟ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਫੈਡਰੇਸ਼ਨ ਦੇ ਸੱਦੇ ਤੇ ਸਾਰੀਆਂ ਸੰਸਥਾਵਾਂ ਸੜਕਾਂ ਉੱਪਰ ਹੋਣਗੀਆਂ। ਇਸ ਸਮੇਂ ਕਰਨਵੀਰ ਸਿੰਘ ਧਾਲੀਵਾਲ, ਬਲਜੀਤ ਸਿੰਘ ਹਰੀ ਨੌ, ਅਸ਼ੋਕ ਬਗਰਾੜੀ, ਸੰਦੀਪ ਸ਼ਰਮਾਂ, ਹਰਮਨ ਵਾੜਾ ਦਰਾਕਾ, ਭਗਤ ਸਿੰਘ ਧਾਲੀਵਾਲ, ਸੰਜੀਵ ਸ਼ਰਮਾਂ ਅਤੇ ਸੰਦੀਪ ਤਾਗੜੀ ਵੀ ਹਾਜ਼ਰ ਸਨ ।