ਆਪ’ ਸਰਕਾਰ ਨੇ ਦੇ ਕੇ ਹੋਕਾ ਵੰਗਾਂ ਦਾ, ਕੱਢ ਵਿਖਾਇਆ ਚੱਕੀ ਰਾਹਾ : ਢੋਸੀਵਾਲ
— ਪੰਜਾਬ ਦੀ ਜਨਤਾ ਭੰਬਲ ਭੂਸੇ ’ਚ —
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ – ਪਿਛਲੇ 75 ਸਾਲਾਂ ਤੋਂ ਭਿ੍ਰਸ਼ਟਾਚਾਰ ਅਤੇ ਮਾਫੀਆ ਤੋਂ ਸਤਾਈ ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਵਿੱਚ ਆਸ ਦੀ ਕਿਰਨ ਦਿਖਾਈ ਦਿੱਤੀ ਸੀ। ਪਾਰਟੀ ਵੱਲੋਂ ਪ੍ਰਚਾਰਿਤ ਕੀਤੀ ਗਈ ਬਦਲਾਅ ਦੀ ਨੀਤੀ ਅਤੇ ਇੱਕ ਵਾਰ ਮੌਕਾ ਦਿੱਤੇ ਜਾਣ ਦੇ ਨਾਅਰੇ ਨੇ ਲੋਕਾਂ ’ਤੇ ਜਾਦੂਈ ਅਸਰ ਕਰ ਦਿੱਤਾ। ਪਾਰਟੀ ਵੱਲੋਂ ਦਿੱਤੀਆਂ ਗਈਆਂ ਦਸ ਗਰੰਟੀਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨੇ ਪੂਰੇ ਜੋਸ਼ੋ ਖਰੋਸ਼ ਨਾਲ ਪਾਰਟੀ ਨੂੰ ਹੂੰਝਾ ਫੇਰ ਇਤਿਹਾਸਕ ਜਿੱਤ ਦਿਲਾਈ ਸੀ। ਰਿਵਾਇਤੀ ਪਾਰਟੀਆਂ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤਿਕ ਲੀਡਰਾਂ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਸੀ। ਵਿਧਾਨ ਸਭਾ ਵਿੱਚ 92 ਸੀਟਾਂ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਇਮਾਨਦਾਰ ਅਤੇ ਬੇਦਾਗ ਨੇਤਾ ਵਜੋਂ ਜਾਣੇ ਜਾਂਦੇ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ। ‘ਆਪ’ ਦੀ ਸਰਕਾਰ ਬਣੀ ਨੂੰ ਭਾਵੇਂ ਮਸਾਂ ਡੇਢ ਕੁ ਮਹੀਨਾ ਹੀ ਹੋਇਆ ਹੈ ਪਰੰਤੂ ਇਸ ਥੋੜੇ ਸਮੇਂ ਵਿੱਚ ਵੀ ਪੰਜਾਬ ਦੀ ਜਨਤਾ ਨੂੰ ‘ਆਪ’ ਵੱਲੋਂ ਦਿੱਤੀਆਂ ਗਰੰਟੀਆਂ ਅਤੇ ਹੋਰ ਸੁਪਨਿਆਂ ਨੂੰ ਪੂਰਾ ਹੋਣ ਵਿੱਚ ਸ਼ੱਕ ਦੀ ਗੁੰਜਾਇਸ਼ ਨਜ਼ਰ ਆਉਣ ਲੱਗ ਪਈ ਹੈ। ਪੰਜਾਬ ਦੇ ਮੁੱਖ ਮੰਤਰੀ ਸ੍ਰ. ਮਾਨ ਨੇ ਚੋਣ ਪ੍ਰਚਾਰ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਮੁੱਖ ਮੰਤਰੀ ਸਹੁੰ ਚੁੱਕਣ ਉਪਰੰਤ ਆਪਣੇ ਹਰੇ ਪੈਨ ਨਾਲ ਸਭ ਤੋਂ ਪਹਿਲਾ ਕੰਮ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਹੀ ਕਰਨਗੇ, ਪਰੰਤੂ ਅਜਿਹਾ ਨਹੀਂ ਹੋਇਆ। ਸੂਬੇ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੇ ਜਾਣ ਦਾ ਵਾਅਦਾ ਵੀ ਅਜੇ ਦੂਰ ਦੀ ਗੱਲ ਜਾਪਦਾ ਹੈ। ਸਾਬਕਾ ਵਿਧਾਇਕਾਂ ਨੂੰ ਇੱਕ ਪੈਨਸ਼ਨ ਦਿੱਤੇ ਜਾਣ ਦਾ ਮੁੱਦਾ ਵੀ ਠੰਡੇ ਬਸਤੇ ਵਿੱਚ ਪੈ ਗਿਆ ਜਾਪਦਾ ਹੈ। ਲੋਕਾਂ ਨੂੰ ਮੁਫਤ ਬਿਜਲੀ ਦਿੱਤੇ ਜਾਣ ਦੀ ਸਹੂਲਤ ਵੀ ਦਫਤਰੀ ਦਾਅ-ਪੇਚਾਂ ਅਤੇ ਘੁੰਮਣ-ਘੇਰੀਆਂ ਵਿੱਚ ਫਸ ਗਈ ਜਾਪਦੀ ਹੈ। ਹਰ ਵਿਅਕਤੀ ਨੂੰ ਰੋਜ਼ਗਾਰ ਦੇਣ ਦਾ ਸੁਪਨਾ ਦਿਖਾਉਣ ਵਾਲੀ ‘ਆਪ’ ਨੇ ਜੁਗਾੜੂ ਵਾਹਨਾਂ ’ਤੇ ਪਹਿਲਾਂ ਪਾਬੰਦੀ ਲਗਾ ਕੇ ਅਤੇ ਬਾਅਦ ਵਿਚ ਇਹ ਫੈਸਲਾ ਵਾਪਿਸ ਲੈ ਕੇ ਆਪਣੀ ਕਿਰਕਿਰੀ ਕਰਵਾ ਲਈ ਹੈ। ਮੁਲਾਜ਼ਮ ਅਤੇ ਪੈਨਸ਼ਨਰ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੇ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਕੱਚੇ ਮੁਲਾਜ਼ਮ ਪੱਕੇ ਹੋਣ ਨੂੰ ਤਰਸ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਮਾਮਲਾ ਵੀ ਦੂਰ ਹੁੰਦਾ ਜਾਪ ਰਿਹਾ ਹੈ। ਮੰਡੀਆਂ ਵਿੱਚ ਕਿਸਾਨ ਕੁਪ੍ਰਬੰਧਾਂ ਦਾ ਸ਼ਿਕਾਰ ਹੋ ਰਹੇ ਹਨ। ਲਿਫਟਿੰਗ ਨਾ ਹੋਣ ਕਾਰਨ ਆੜਤੀਏ ਪ੍ਰੇਸ਼ਾਨ ਹਨ। ਆਪਣੇ ਹੀ ਲੀਡਰਾਂ ਨੂੰ ਮਿਲਣ ਲਈ ਵਰਕਰਾਂ ਨੂੰ ਧਰਨੇ ਲਾਉਣੇ ਪੈ ਰਹੇ ਹਨ। ਟਰੱਕ ਯੂਨੀਅਨਾਂ ਬਨਾਉਣ ਵਿੱਚ ਵੀ ਭਿ੍ਰਸ਼ਟਾਚਾਰ ਦੀਆਂ ਕਨਸੋਆ ਹਨ। ਰਾਜ ਦੇ ਹੋਮ ਅਫੇਅਰਜ਼ ਡਿਪਾਰਟਮੈਂਟ ਵਿੱਚ ਜੂਡੀਸ਼ੀਅਲ ਅਧਿਕਾਰੀਆਂ ਦੀਆਂ ਤਿੰਨ ਦਿਨ ਪਹਿਲਾਂ ਕੱਢੀਆਂ ਗਈਆਂ ਆਸਾਮੀਆਂ ਦੇ ਇਸ਼ਤਿਹਾਰ ਵਿਚ ਰਾਖਵੇਂਕਰਨ ਨੂੰ ਬਿਲਕੁਲ ਨਜ਼ਰਅੰਦਾਜ ਕਰਕੇ ‘ਆਪ’ ਸਰਕਾਰ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੇ ਰਸਤੇ ’ਤੇ ਤੁਰ ਪਈ ਹੈ। ਸਰਕਾਰ ਦੇ ਅਜਿਹੇ ਫੈਸਲੇ ਅਤੇ ਨੀਤੀਆਂ ਕਾਰਨ ਪੰਜਾਬ ਦੀ ਜਨਤਾ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ ਹੈ ਅਤੇ ਉਹ ਆਪਣੇ ਆਪ ਨੂੰ ਠੱਗੇ ਜਾਣਾ ਮਹਿਸੂਸ ਕਰਨ ਲੱਗ ਪਏ ਹਨ। ਲੋਕ ‘ਆਪ’ ਸਰਕਾਰ ਦੀ ਤੁਲਨਾ ਵੀ ਬੀਤੀਆਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਹੀ ਕਰਨ ਲੱਗ ਪਏ ਹਨ। ਮੁੱਖ ਮੰਤਰੀ ਵੱਲੋਂ ਬਾਹਰੀ ਰਾਜਾਂ ਦੇ ਦੌਰੇ ਅਤੇ ਓਥੋਂ ਦੇ ਅਖਬਾਰਾਂ ਵਿੱਚ ਰਾਜ ਦੇ ਖਰਚੇ ’ਤੇ ਸਰਕਾਰੀ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਏ ਜਾਣ ਕਾਰਣ ਵੀ ਲੋਕ ਸੂਬੇ ਦੇ ਪੈਸੇ ਦੀ ਫਜੂਲ ਖਰਚੀ ਦੱਸਦੇ ਹਨ। ਸਾਰੇ ਪਾਸੇ ਇਹ ਗੱਲ ਫੈਲਦੀ ਜਾ ਰਹੀ ਹੈ ਕਿ ‘ਆਪ’ ਦੀ ਕਰਨੀ ਅਤੇ ਕਥਨੀ ਵਿੱਚ ਕਾਫੀ ਅੰਤਰ ਹੈ। ਪਾਰਟੀ ਨੇ ਤਾਂ ਉਹ ਕਹਾਵਤ ਸੱਚ ਸਾਬਤ ਕਰ ਦਿੱਤੀ ਹੈ ਕਿ ‘ਦੇ ਕੇ ਹੋਕਾ ਵੰਗਾਂ ਦਾ, ਕੱਢ ਵਿਖਾਇਆ ਚੱਕੀ ਰਾਹਾ’। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਬਚਕਾਨੇ ਅਤੇ ਹਾਸੋ ਹੀਣਾ ਫੈਸਲੇ ਲੈਣ ਤੋਂ ਪ੍ਰਹੇਜ ਕੀਤਾ ਜਾਵੇ, ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਿਆ ਜਾਵੇ ਤਾਂ ਜੋ ਲੋਕਾਂ ਦਾ ਵਿਸਵਾਸ਼ ਪਾਰਟੀ ਪ੍ਰਤੀ ਪਹਿਲਾਂ ਦੀ ਤਰਾਂ ਹੀ ਕਾਇਮ ਰਹਿ ਸਕੇ।
ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।