ਪਿਆਰ ਅਤੇ ਆਪਸੀ ਭਾਈਚਾਰਾ ਪੰਜਾਬ ਦਾ ਅਟੁੱਟ ਹਿੱਸਾ: ਗੁਰਦਿੱਤ ਸਿੰਘ ਸੇਖੋਂ
ਲੰਗਰ ਮਾਤਾ ਖੀਵੀ ਜੀ ਟਰੱਸਟ ਵੱਲੋਂ ਮੁਸਲਮਾਨ ਵੀਰਾਂ ਨੂੰ ਕਰਵਾਈ ਗਈ ਇਫ਼ਤਾਰੀ
ਫ਼ਰੀਦਕੋਟ, ਅਪ੍ਰੈਲ 30 – ਬਾਬਾ ਫ਼ਰੀਦ ਜੀ ਦੇ ਵਰੋਸਾਏ ਸ਼ਹਿਰ ਫ਼ਰੀਦਕੋਟ ਵਿਖੇ ਪੰਜਾਬੀਆਂ ਦੇ ਪਿਆਰ ਅਤੇ ਭਾਈਚਾਰੇ ਦੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਖੇ ਲੰਗਰ ਮਾਤਾ ਖੀਵੀ ਜੀ ਟਰੱਸਟ ਵੱਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਰੋਜ਼ੇ ਰੱਖ ਰਹੇ ਮੁਸਲਮਾਨ ਵੀਰਾਂ ਲਈ ਇਫ਼ਤਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਲੰਗਰ ਮਾਤਾ ਖੀਵੀ ਜੀ ਟਰੱਸਟ ਦੇ ਸੇਵਾਦਾਰ ਅਤੇ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਆਪਸੀ ਪਿਆਰ ਅਤੇ ਭਾਈਚਾਰਾ ਪੰਜਾਬ ਦਾ ਅਟੁੱਟ ਹਿੱਸਾ ਹੈ ਅਤੇ ਉਹ ਕਾਮਨਾ ਕਰਦੇ ਹਨ ਕਿ ਬਾਬਾ ਫ਼ਰੀਦ ਜੀ ਦੇ ਵਰੋਸਾਏ ਸ਼ਹਿਰ ਦੇ ਲੋਕਾਂ ਵਿੱਚ ਇਹ ਭਾਈਚਾਰਾ ਅਤੇ ਸਾਂਝ ਇਸੇ ਤਰ੍ਹਾਂ ਬਣੀ ਰਹੇ। ਇਸ ਮੌਕੇ ਉਹਨਾਂ ਨਾਲ ਟਰੱਸਟ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਅਤੇ ਲੰਗਰ ਮਾਤਾ ਖੀਵੀ ਜੀ ਦੀ ਪੂਰੀ ਟੀਮ ਮੌਜੂਦ ਰਹੀ ਜਿਹਨਾਂ ਨੇ ਇਫ਼ਤਾਰੀ ਦੀ ਸੇਵਾ ਕੀਤੀ।
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਵੀ ਫ਼ਰੀਦਕੋਟ ਵਿਖੇ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਸਮੂਹਿਕ ਇਫ਼ਤਾਰ ਪਾਰਟੀ ਦਾ ਆਯੋਜਨ ਕਰਵਾਇਆ ਗਿਆ ਸੀ, ਜਿਥੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਸਨ। ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਫ਼ਰੀਦਕੋਟ ਨਿਵਾਸੀ ਰਲ਼ ਮਿਲ ਕੇ ਸਾਰੇ ਤਿਉਹਾਰ ਮਨਾ ਰਹੇ ਹਨ। ਆਪਸੀ ਭਾਈਚਾਰੇ ਨਾਲ ਅੱਗੇ ਵੱਧਣ ਵਾਲਾ ਸੂਬਾ ਹੀ ਤਰੱਕੀ ਕਰਦਾ ਹੈ। ਇਸ ਨਾਲ ਸਾਡੇ ਅੰਦਰ ਸਾਰੇ ਧਰਮਾਂ ਅਤੇ ਦੂਜਿਆਂ ਦੀਆਂ ਭਾਵਨਾਵਾਂ ਪ੍ਰਤੀ ਸਤਿਕਾਰ ਅਤੇ ਸੰਵੇਦਨਸ਼ੀਲਤਾ ਵੱਧਦੀ ਹੈ।
ਪਟਿਆਲਾ ਦੀ ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ‘ਆਪ’ ਆਗੂ ਗੁਰਦਿੱਤ ਸੇਖੋਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਆਪਸੀ ਸਾਂਝ ਪੰਜਾਬ ਦੀ ਤਾਕਤ ਹੈ। ਇਥੇ ਸਾਰੇ ਭਾਈਚਾਰੇ ਰਲ ਮਿਲ ਕੇ ਰਹਿੰਦੇ ਹਨ। ਬੀਤੇ ਦਿਨੀਂ ਪਟਿਆਲਾ ਵਿੱਚ ਹੋਈ ਘਟਨਾ ਨੇ ਪੰਜਾਬੀਆਂ ਨੂੰ ਧੱਕਾ ਲਗਾਇਆ ਕਿਉਂਕਿ ਪੰਜਾਬ ਦੇ ਲੋਕ ਅਮਨ ਪਸੰਦ ਲੋਕ ਹਨ। ਉਹਨਾਂ ਅੱਗੇ ਕਿਹਾ ਕਿ ਸਮਾਜ ਵਿਰੋਧੀ ਤੱਤ ਸਾਡੇ ਸੂਬੇ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦੇ। ਕੁਝ ਲੋਕ ਵਿਰੋਧੀ ਰਾਜਨੀਤਿਕ ਪਾਰਟੀਆਂ ਦੀ ਸ਼ਹਿ ‘ਤੇ ਮਾਹੌਲ ਖ਼ਰਾਬ ਕਰਨ ਵਾਲਿਆਂ ਦੀਆਂ ਕੋਸ਼ਿਸ਼ਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਮੌਕੇ ਡਾ ਗੁਰਸੇਵਕ ਸਿੰਘ, ਡਾ ਗੁਰਿੰਦਰ ਮੋਹਨ ਸਿੰਘ, ਪ੍ਰਿੰਸੀਪਲ ਕੁਲਦੀਪ ਕੌਰ, ਪ੍ਰਿੰਸੀਪਲ ਪਰਮਿੰਦਰ ਸਿੰਘ, ਸ਼ਵਿੰਦਰ ਸਿੰਘ ਸੰਧੂ ,ਅਸ਼ੋਕ ਭਟਨਾਗਰ ,ਪ੍ਰਵੀਨ ਕਾਲਾ, ਹਰਜਿੰਦਰ ਸਿੰਘ ਪਟਵਾਰੀ, ਅਮਨਦੀਪ ਸਿੰਘ ਬਾਬਾ ,ਗੁਰਜੰਟ ਸਿੰਘ ਚੀਮਾ, ਡਾ ਬਲਜੀਤ ਸ਼ਰਮਾ, ਕੰਵਲਜੀਤ ਸਿੰਘ ਨਗਰ ਕੌਂਸਲਰ, ਗੁਰਵਿੰਦਰ ਧਿੰਗਡ਼ਾ, ਰਵਿੰਦਰ ਸਿੰਘ ਬੁਗਰਾ ,ਜਗਤਾਰ ਸਿੰਘ ਨੰਗਲ, ਬਾਬਾ ਗੁਰਪ੍ਰੀਤ ਸਿੰਘ, ਜਗਪਾਲ ਸਿੰਘ ਬਰਾੜ ,ਬੀਬੀ ਜੀਤਪਾਲ ਕੌਰ, ਬਾਊ ਸ਼ਾਮ ਲਾਲ, ਰਵੀ ਬਾਂਸਲ , ਗੌਤਮ ਬਾਂਸਲ, ਕਰਮਜੀਤ ਸਿੰਘ ਢਿਲੋਂ, ਕੁਲਭੂਸ਼ਨ ਰਾਏ ਭੂਸ਼ੀ ਪ੍ਰਧਾਨ, ਇੰਜਨੀਅਰ ਬਲਵਿੰਦਰ ਸਿੰਘ ਮਾਨ , ਭੁਪਿੰਦਰ ਸਿੰਘ ਬਰਾੜ , ਜਸਪਾਲ ਸਿੰਘ ਬਰਾੜ ਹਾਜ਼ਰ ਸਨ । ਇਫਤਾਰ ਪਾਰਟੀ ਦੇ ਅੰਤ ਵਿਚ ਲੰਗਰ ਮਾਤਾ ਖੀਵੀ ਜੀ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਅਤੇ ਸਮੁੱਚੀ ਟੀਮ ਵੱਲੋਂ ਮੁਸਲਿਮ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਹਾਜੀ ਦਿਲਬਰ ਹੁਸੈਨ ,ਮੌਲਵੀ ਸਾਹਿਬ ,ਹਨੀਸ਼ ਕੁਰੈਸ਼ੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।