ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮਿਲੇਗੀ ਵਿੱਤੀ ਮੱਦਦ – ਡਾ. ਗਿੱਲ
ਫ਼ਰੀਦਕੋਟ, 6 ਮਈ – ਪੰਜਾਬ ਵਿੱਚ ਲਗਾਤਾਰ ਕੱਦੂ ਕਰਕੇ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਨਾਲ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾਣ ਦੇ ਨਾਲ ਨਾਲ ਜਮੀਨ ਦੇ ਭੌਤਿਕੀ ਗੁਣਾਂ ਅਤੇ ਉਤਪਾਦਕਤਾ ਵਿੱਚ ਨਿਘਰ ਆ ਰਿਹਾ ਹੈ। ਇਸ ਸਮੱਸਿਆ ਦਾ ਹੱਲ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਹੋ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਕਰਨਜੀਤ ਸਿੰਘ ਗਿਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਜਿਲ੍ਹੇ ਵਿੱਚ ਤਕਰੀਬਨ 114000 ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਬਿਜਾਈ ਕੀਤੀ ਜਾਂਦੀ ਹੈ। ਸਾਲ 2022-23 ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਹੁਕਮਾਂ ਅਨੁਸਾਰ ਧਰਤੀ ਹੇਠਲੇ ਪਾਣੀ ਦੀ ਸੰਯਮ ਨਾਲ ਵਰਤੋਂ ਕਰਨ ਲਈ ਸਿਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ, ਜਿਸ ਅਧੀਨ ਇਸ ਸਾਲ ਜਿਲ੍ਹੇ ਵਿੱਚ ਵੱਧ ਤੋਂ ਵੱਧ ਰਕਬਾ ਇਸ ਅਧੀਨ ਲਿਆਉਣ ਲਈ ਟੀਚਾ ਮਿਥਿਆ ਗਿਆ ਹੈ। ਇਸ ਨੂੰ ਉਤਸ਼ਾਹਿਤ ਕਰਨ ਸਬੰਧੀ ਵੱਖ ਵੱਖ ਪਿੰਡਾਂ ਵਿੱਚ ਮਈ ਮਹੀਨੇ ਦੌਰਾਨ ਕਿਸਾਨ ਸਿਖਲਾਈ ਕੈਂਪ ਲਗਾਏ ਜਾਣਗੇ।
ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 20-30 ਫੀਸਦੀ ਪਾਣੀ ਦੀ ਬੱਚਤ ਅਤੇ 2500-3000 ਰੁਪਏ ਤਕ ਮਜਦੂਰੀ ਦਾ ਖਰਚਾ ਘਟਾਇਆ ਜਾ ਸਕਦਾ ਹੈ। ਝੋਨੇ ਦੀ ਸਿੱਧੀ ਬਿਜਾਈ ਸਿਰਫ ਭਾਰੀਆਂ ਅਤੇ ਜਰਖੇਜ ਜਮੀਨਾਂ ਵਿੱਚ ਹੀ ਕੀਤੀ ਜਾਵੇ। ਸਿੱਧੀ ਬਿਜਾਈ ਦੀ ਸਫਲਤਾ ਲਈ ਜਰੂਰੀ ਹੈ ਕਿ ਖੇਤ ਨੂੰ ਲੇਜਰ ਕਰਾਹੇ ਨਾਲ ਪੱਧਰਾ ਕਰ ਲਿਆ ਜਾਵੇ ਤਾਂ ਜੋ ਪਾਣੀ ਇਕਸਾਰ ਲੱਗ ਸਕੇ, ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਦੀ ਚੋਣ ਕਰਨੀ ਚਾਹੀਦੀ ਹੈ, ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨਾਂ ਅੰਦਰ-ਅੰਦਰ ਇੱਕ ਲਿਟਰ ਪੈਂਡੀਮੈਥਾਲੀਨ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਛਿੜਕਾਅ ਕਰਨਾਂ ਚਾਹੀਦਾਂ ਹੈ ਅਤੇ ਸੀਜਨ ਦੌਰਾਨ ਵੱਖ-ਵੱਖ ਸਮੇਂ ਤੇ ਮਾਹਿਰਾਂ ਦੀ ਰਾਇ ਮੁਤਾਬਿਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਤੇ ਇੰਜ. ਹਰਚਰਨ ਸਿੰਘ ਨੇ ਦੱਸਿਆ ਕਿ ਇਸ ਤਕਨੀਕ ਨਾਲ ਬਿਜਾਈ ਕਰਨ ਵਾਲੇ ਚਾਹਵਾਨ ਕਿਸਾਨ ਆਪਣਾ ਨਾਮ ਅਤੇ ਪਤਾ ਆਪਣੇ ਸਬੰਧਤ ਬਲਾਕ ਖੇਤੀਬਾੜੀ ਦਫਤਰ ਵਿੱਚ ਨੋਟ ਕਰਵਾ ਦੇਣ। ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਿਨ੍ਹਾਂ ਕਿਸਾਨਾਂ ਕੋਲ ਮਸ਼ੀਨਾਂ ਉਪਲਬਧ ਹਨ ਉਨ੍ਹਾਂ ਦੀ ਸੂਚੀ ਬਲਾਕ ਦਫਤਰਾਂ ਦੇ ਨੋਟਿਸ ਬੋਰਡ ਤੇ ਦੇਖੀ ਜਾ ਸਕਦੀ ਹੈ ਅਤੇ ਮਸ਼ੀਨ ਨੂੰ ਕਿਰਾਏ ਤੇ ਵਰਤਣ ਲਈ ਸਬੰਧਤ ਕਿਸਾਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤਕਨੀਕ ਦੀ ਵਧੇਰੇ ਤਕਨੀਕੀ ਜਾਣਕਾਰੀ ਲੇਣ ਲਈ ਆਪਣੇ ਹਲਕੇ ਦੇ ਸਬੰਧਤ ਖੇਤੀਬਾੜੀ ਵਿਕਾਸ ਅਫਸਰ ਜਾਂ ਖੇਤੀਬਾੜੀ ਵਿਸਥਾਰ ਅਫਸਰ ਅਫਸਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।