ਸਰਕਾਰੀ ਇਮਾਰਤਾਂ /ਜਨਤਕ ਥਾਵਾਂ ਤੇ ਅੱਗ ਲਗਾਉਣ ਤੇ 6 ਚਲਾਨ ਕੱਟੇ
ਫਰੀਦਕੋਟ, 10 ਮਈ – ਡਿਪਟੀ ਕਮਿਸ਼ਨਰ, ਫਰੀਦਕੋਟ ਸ਼੍ਰੀਮਤੀ ਰੂਹੀ ਦੁੱਗ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ, ਫਰੀਦਕੋਟ ਵਲੋਂ ਸੀਰ ਸੋਸਾਇਟੀ ਦੇ ਮੈਂਬਰਾਂ ਨਾਲ ਸ਼ਹਿਰ ਵਿਚ ਵੱਖ -2 ਥਾਂਵਾਂ ਤੇ ਪੱਤਿਆਂ, ਬੂਟਿਆਂ ਨੂੰ ਅੱਗ ਲਗਾਏ ਜਾਣ ਦੀਆਂ ਸਾਈਟਾਂ ਦਾ ਦੌਰਾ ਕੀਤਾ ਗਿਆ।
ਨਗਰ ਕੋਂਸਲ ਦੇ ਈ ਓ ਸ਼੍ਰੀ ਅਮਿਤ ਲਾਲ ਨੇ ਦੱਸਿਆ ਕਿ ਪਿਛਲੇ ਸਮੇਂ ਸ਼ਹਿਰ ਵਿਚ ਵੱਖ -2 ਥਾਂਵਾਂ ਤੇ ਲੋਕਾਂ ਵਲੋਂ ਪੱਤਿਆਂ, ਬੂਟਿਆਂ ਨੂੰ ਅਤੇ ਹੋਰ ਰਹਿੰਦ ਖਹੁੰਦ ਨੂੰ ਅੱਗ ਲਗਾਏ ਜਾਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਇਆਂ ਸਨ। ਚੈਕਿੰਗ ਦੌਰਾਨ ਸਰਕਟ ਹਾਊਸ ਵਿਚ 3 ਥਾਂਵਾਂ ਤੇ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ 3 ਥਾਂਵਾਂ ਤੇ, ਨਹਿਰੂ ਸਟੇਡੀਅਮ ਦੇ ਬਾਹਰ 1 ਥਾਂ ਤੇ, ਗਰੀਨ ਐਵੀਨਿਊ ਦੇ ਸਾਹਮਨੇ 1 ਥਾਂ ਤੇ ਅਤੇ ਗਰੀਨ ਐਵੀਨਿਊ ਗੁਰੂਦੁਆਰਾ ਸਾਹਿਬ ਵਲੋਂ 1 ਥਾਂ ਤੇ ਪੱਤਿਆਂ, ਬੂਟਿਆਂ ਨੂੰ ਅੱਗ ਲਗਾਏ ਜਾਣ ਦੀਆਂ ਘਟਨਾਵਾਂ ਦਾ ਪਤਾ ਲੱਗਿਆ ਹੈ।
ਕਾਰਜ ਸਾਧਕ ਅਫਸਰ ਵਲੋਂ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਐਨ.ਜੀ.ਟੀ. ਵਲੋਂ ਐਨ.ਜੀ.ਟੀ. ਐਕਟ 2010 ਦੀ ਧਾਰਾ 15 ( ਐਚ ) ਅਧੀਨ ਨਿਰਧਾਰਿਤ ਕੀਤੀ ਇੰਨਵਾਈਅਰਮੈਂਟ ਕੰਮਪਨਸੇਸ਼ਨ ਲਈ ਕਾਰਜਕਾਰੀ ਇੰਜੀਨੀਅਰ, ਬਾਬਾ ਫਰੀਦ ਯੂਨੀਵਰਸਿਟੀ ਅਤੇ ਸਕੱਤਰ, ਰੈੱਡ ਕਰਾਸ ਫਰੀਦਕੋਟ ਨੂੰ ਚਲਾਨ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਕ ਵਿਅਕਤੀ ਵਲੋਂ ਉਸ ਦੀ ਦੁਕਾਨ ਦੇ ਅੱਗੇ ਰੁੱਖ ਪੁੱਟਣ ਲਈ ਉਸ ਦੇ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਨੂੰ ਲਿਖਿਆ ਗਿਆ ਹੈ। ਕਾਰਜ ਸਾਧਕ ਅਫਸਰ ਵਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਪੱਤਿਆਂ, ਬੂਟਿਆਂ, ਪਲਾਸਟਿਕ ਜਾਂ ਕਿਸੇ ਵੀ ਤਰ੍ਹਾਂ ਦੇ ਕੂੜੇ ਨੂੰ ਅੱਗ ਨਾ ਲਗਾਈ ਜਾਵੇ। ਭੱਵਿਖ ਵਿਚ ਨਗਰ ਕੋਂਸਲ ਵਲੋਂ ਚੈਕਿੰਗ ਵਿਚ ਤੇਜੀ ਲਿਆ ਕੇ ਇਸ ਤਰ੍ਹਾਂ ਦੇ ਹੋਰ ਚਲਾਨ ਵੀ ਕੀਤੇ ਜਾਣਗੇ।