ਕਿਸਾਨਾਂ ਦੀ ਮੁੱਖ ਮੰਤਰੀ ਮਾਨ ਨਾਲ ਮੀਟਿੰਗ- 12 ਮੰਗਾਂ ‘ਤੇ ਬਣੀ ਸਹਿਮਤੀ, ਖ਼ਤਮ ਹੋਵੇਗਾ ਕਿਸਾਨ ਮੋਰਚਾ
ਚੰਡੀਗੜ੍ਹ, 18 ਮਈ – (ਪੰਜਾਬ ਡਾਇਰੀ) ਮੋਹਾਲੀ ਬਾਰਡਰ ‘ਤੇ ਅੰਦੋਲਨ ‘ਚ ਸ਼ਾਮਲ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਅਤੇ ਸੀ.ਐਮ. ਭਗਵੰਤ ਮਾਨ ਵਿਚਕਾਰ ਦੋ ਘੰਟੇ ਚੱਲੀ ਮੀਟਿੰਗ ਖਤਮ ਹੋ ਗਈ ਮੀਟਿੰਗ ਵਿੱਚ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ। ਜਲਦ ਹੀ ਮੋਹਾਲੀ ‘ਚ ਕਿਸਾਨਾਂ ਦਾ ਮੋਰਚਾ ਖਤਮ ਹੋ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 13 ਵਿੱਚੋਂ 12 ਮੰਗਾਂ ਮੰਨ ਲਈਆਂ ਗਈਆਂ ਹਨ। ਪੰਜਾਬ ਸਰਕਾਰ ਨੇ ਕਣਕ ‘ਤੇ 500 ਰੁਪਏ ਪ੍ਰਤੀ ਏਕੜ ਬੋਨਸ ਦੇਣ ਲਈ ਕੇਂਦਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਕਿਹੜੀਆਂ ਮੰਗਾਂ ‘ਤੇ ਸਹਿਮਤੀ ਬਣੀ ਸੀ, ਇਸ ਦੀ ਜਾਣਕਾਰੀ ਆਉਣੀ ਬਾਕੀ ਹੈ। ਜਲਦੀ ਹੀ ਕਿਸਾਨ ਆਗੂ ਸਾਹਮਣੇ ਆ ਕੇ ਇਸ ਬਾਰੇ ਜਾਣਕਾਰੀ ਦੇਣਗੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਹਿਮਤੀ ਨਾ ਬਣੀ ਤਾਂ ਉਹ ਚੰਡੀਗੜ੍ਹ ਵੱਲ ਮਾਰਚ ਕਰਨਗੇ। ਹਾਲਾਂਕਿ ਹੁਣ ਇਹ ਚੰਡੀਗੜ੍ਹ ਯਾਤਰਾ ਮੁਲਤਵੀ ਹੁੰਦੀ ਨਜ਼ਰ ਆ ਰਹੀ ਹੈ।
ਮੀਟਿੰਗ ਵਿੱਚ ਹਾਜ਼ਰ ਕਿਸਾਨ ਤੇ ਅਧਿਕਾਰੀ
ਸਰਕਾਰ ਦੀ ਤਰਫੋਂ ਇਸ ਫੈਸਲੇ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇਣਗੇ। ਉਹ ਮੁਹਾਲੀ ਦੇ ਵਾਈ.ਪੀ.ਐਸ. ਚੌਕ ਵਿੱਚ ਕਿਸਾਨਾਂ ਦੇ ਮੋਰਚੇ ਵਿੱਚ ਜਾਣਗੇ। ਉੱਥੇ ਉਹ ਸਰਕਾਰ ਦੇ ਫੈਸਲੇ ਦਾ ਐਲਾਨ ਕਰਨਗੇ।
ਕਿਉਂ ਲਾਇਆ ਕਿਸਾਨਾਂ ਨੇ ਮੋਰਚਾ
ਕਿਸਾਨ ਆਗੂ ਹਰਿੰਦਰ ਲੱਖੋਵਾਲ ਨੇ ਕਿਹਾ ਕਿ ਸਾਡੀ ਇੱਕ ਮਹੀਨਾ ਪਹਿਲਾਂ ਸੀ.ਐਮ. ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ। ਉਨ੍ਹਾਂ 10 ਦਿਨਾਂ ਵਿੱਚ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਨਾ ਤਾਂ ਮੰਗਾਂ ਮੰਨੀਆਂ ਗਈਆਂ ਅਤੇ ਨਾ ਹੀ ਮਾਨ ਨੇ ਮੁੜ ਮੀਟਿੰਗ ਲਈ ਸਮਾਂ ਦਿੱਤਾ। ਇਸ ਤੋਂ ਬਾਅਦ ਅਸੀਂ 17 ਮਈ ਤੱਕ ਦਾ ਅਲਟੀਮੇਟਮ ਦਿੱਤਾ, ਪਰ ਸਰਕਾਰ ਨੇ ਕੁਝ ਨਹੀਂ ਕੀਤਾ।
ਇਸਦੇ ਨਾਲ ਹੀ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕਰਕੇ ਮਾਨ ਸਰਕਾਰ ਦੀ ਸ਼ਲਾਘਾ ਕੀਤੀ ਹੈ ਉਹਨਾਂ ਆਪ ਸਰਕਾਰ ਨੇ ਫੌਰੀ ਟਵੀਟ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹਨ।