ਰਾਜਾ ਵੜਿੰਗ ਫਰੀਦਕੋਟ, 24 ਮਈ – (ਪੰਜਾਬ ਡਾਇਰੀ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਦੀ ਹਾਰ ਵੱਡੇ ਲੀਡਰਾਂ ਕਰਕੇ ਹੋਈ ਹੈ ਅਤੇ ਇਸ ਵਿਚ ਲੋਕਾਂ ਦਾ ਕੋਈ ਕਸੂਰ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਕਾਂਗਰਸ ਦੀ ਸਾਰੀ ਨਵੀਂ ਟੀਮ ਹੋਂਦ ਵਿਚ ਆ ਗਈ ਹੈ ਅਤੇ ਹੁਣ ਕੰਮ ਕਰਨ ਵਾਲੇ ਆਮ ਘਰਾਂ ਦੇ ਆਗੂਆਂ ਨੂੰ ਹੀ ਅੱਗੇ ਲਿਆਂਦਾ ਜਾਵੇਗਾ। ਰਾਜਾ ਵੜਿੰਗ ਅੱਜ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਵਿਚ ਜਿੰਨਾ ਵਿਕਾਸ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕੀਤਾ ਹੈ, ਉਨਾਂ ਹੋਰ ਕੋਈ ਲੀਡਰ ਨਹੀਂ ਕਰ ਸਕਦਾ।
ਅੱਜ ਇਥੇ ਤਾਜ ਪੈਲੇਸ ਵਿਚ ਕਰਵਾਈ ਗਈ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਕਾਂਗਰਸ ਪਾਰਟੀ ਦੇ ਕੁੱਝ ਆਗੂਆਂ ਦੀਆਂ ਕਮਜ਼ੋਰੀਆਂ ਕਾਰਨ ਹੀ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਗਿੱਦੜਬਾਹਾ ਅਤੇ ਫਰੀਦਕੋਟ ਦੋ ਅਜਿਹੇ ਹਲਕੇ ਸਨ, ਜਿਥੇ ਸਭ ਤੋਂ ਵੱਧ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਜ਼ਮੀਨਦੋਜ਼ ਪਾਈਪਾਂ ਪਾਉਣ ਲਈ ਫੰਡ ਰਿਲੀਜ਼ ਕਰਨ ਦੀ ਗੱਲ ਚੱਲੀ ਤਾਂ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨਾਲ ਉਨ੍ਹਾਂ ਦੀ ਬਹਿਸਬਾਜੀ ਵੀ ਹੋਈ, ਕਿਉਂਕਿ ਮੈਂ ਗਿੱਦੜਬਾਹਾ ਨੂੰ ਵੱਧ ਫੰਡ ਜਾਰੀ ਕਰਵਾਉਣੇ ਚਾਹੁੰਦਾ ਸੀ ਅਤੇ ਕਿੱਕੀ ਢਿੱਲੋਂ ਫਰੀਦਕੋਟ ਨੂੰ ਵੱਧ ਫੰਡ ਜਾਰੀ ਕਰਵਾਉਣੇ ਚਾਹੁੰਦੇ ਸਨ। ਫੇਰ ਵੀ ਕਿੱਕੀ ਢਿੱਲੋਂ ਫਰੀਦਕੋਟ ਲਈ ਮੇਰੇ ਤੋਂ ਵੱਧ ਫੰਡ ਜਾਰੀ ਕਰਵਾ ਗਏ। ਉਨ੍ਹਾਂ ਨੇ ਕਿਹਾ ਕਿ ਜਿੰਨੇ ਵਿਕਾਸ ਕਾਰਜ ਫਰੀਦਕੋਟ ਅਤੇ ਗਿੱਦੜਬਾਹਾ ਹਲਕੇ ਵਿਚ ਹੋਏ ਹਨ, ਇੰਨੇ ਨਾ ਤਾਂ ਪਹਿਲਾਂ ਕਿਸੇ ਨੇ ਕੀਤੇ ਹਨ ਅਤੇ ਨਾ ਹੀ ਹੋਰ ਕੋਈ ਆਗੂ ਕਰ ਸਕੇਗਾ।
ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੀ ਸਾਰੀ ਨਵੀਂ ਟੀਮ ਬਣ ਚੁੱਕੀ ਹੈ ਅਤੇ ਹੁਣ ਆਮ ਘਰਾਂ ਦੇ ਨੌਜਵਾਨਾਂ ਨੂੰ ਹੀ ਪਾਰਟੀ ਵਿਚ ਥਾਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿਸ ਨੇ ਪਾਰਟੀ ਲਈ ਕੰਮ ਕਰਨਾ ਹੋਵੇਗਾ, ਉਸ ਨੂੰ ਪੂਰੀ ਅਹਿਮੀਅਤ ਦਿੱਤੀ ਜਾਵੇਗੀ, ਪਰ ਨਿੱਜੀ ਹਿੱਤਾਂ ਵਾਲੇ ਆਗੂ ਅਜੇ ਜਾ ਸਕਦੇ ਨੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚੋਂ ਨਿੱਜੀ ਹਿੱਤਾਂ ਵਾਲੇ ਲੀਡਰ ਲਗਭਗ ਜਾ ਹੀ ਚੁੱਕੇ ਨੇ ਅਤੇ ਹੁਣ ਨਵੇਂ ਉਤਸ਼ਾਹੀ ਨੌਜਵਾਨਾਂ ਨੂੰ ਹੀ ਰਾਜਨੀਤੀ ਵਿਚ ਸਰਗਰਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਪਾਰਟੀ ਦੀਆਂ ਸਾਰੀਆਂ ਨੀਤੀਆਂ ਨੌਜਵਾਨ ਤੇ ਉਤਸ਼ਾਹੀ ਵਰਕਰਾਂ ਨੂੰ ਪੁੱਛ ਕੇ ਹੀ ਬਣਾਈਆਂ ਜਾਣਗੀਆਂ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਸਾਰੇ ਵਰਕਰ ਇਕੱਠੇ ਹੋ ਕੇ ਯਤਨ ਕਰੀਏ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਤਾਂ ਪਹਿਲਾਂ ਵੀ ਬਹੁਤ ਸਾਥ ਦਿੱਤਾ ਅਤੇ ਹੁਣ ਵੀ ਲੋਕ ਆਪਣੇ ਨਾਲ ਹਨ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਹਲਕੇ ਵਿਚ ਜਿੰਨੇ ਵਿਕਾਸ ਕਾਰਜ ਕਾਂਗਰਸ ਸਰਕਾਰ ਵਿਚ ਹੋਏ ਹਨ, ਇੰਨੇ ਨਾ ਤਾਂ ਪਹਿਲਾਂ ਕਿਸੇ ਨੇ ਕੀਤੇ ਹਨ ਅਤੇ ਨਾ ਹੀ ਹੋਰ ਕੋਈ ਕਰ ਸਕੇਗਾ। ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਕੱਠੇ ਹੋ ਕੇ ਪਾਰਟੀ ਮਜਬੂਤ ਕਰੀਏ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਅਤੇ ਜਿਲਾ ਫਰੀਦਕੋਟ ਦੇ ਇੰਚਾਰਜ ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਟੇਜ਼ ਦਾ ਸੰਚਾਲਨ ਗਰਸ਼ਵਿੰਦਰ ਸਿੰਘ ਨੇ ਕੀਤਾ। ਇਸ ਮੀਟਿੰਗ ਵਿਚ ਇਕ ਹਜਾਰ ਤੋਂ ਵੀ ਵੱਧ ਵਰਕਰ ਹਾਜਰ ਸਨ। ਕਾਂਗਰਸੀ ਵਰਕਰਾਂ ਤੋਂ ਇਲਾਵਾ ਜਿਲਾ ਪ੍ਰਧਾਨ ਦਰਸ਼ਨ ਸਿੰਘ ਸਹੋਤਾ, ਪੀ ਆਰ ਟੀ ਸੀ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ, ਬਲਜਿੰਦਰ ਸਿੰਘ ਔਲਖ, ਗਿੰਦਰਜੀਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਫਰੀਦਕੋਟ, ਦੀਪਕ ਕੁਮਾਰ ਸੋਨੂੰ ਸਾਬਾਕ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਡਾ. ਜਗੀਰ ਸਿੰਘ, ਵੀਨਾ ਸ਼ਰਮਾਂ, ਰਣਜੀਤ ਸਿੰਘ ਭੋਲੂਵਾਲਾ ਐਮ ਡੀ ਲੇਬਰਫੈਡ ਪੰਜਾਬ, ਦਲਜੀਤ ਸਿੰਘ ਢਿੱਲਵਾਂ ਚੇਅਰਮੈਨ ਕੋਅਪਰੇਟਿਵ ਬੈਂਕ, ਫਰੀਦਕੋਟ, ਡਬਲਜੀਤ ਸਿੰਘ ਢੌਂਸੀ ਬੁਲਾਰਾ ਜਿਲਾ ਕਾਂਗਰਸ, ਬਾਵਰੀਆ ਸਮਾਜ ਦੇ ਆਗੂ ਗੁਰਦੇਵ ਸਿੰਘ ਚਰਨ ਅਤੇ ਜਿਲੇ ਦੇ ਹੋਰ ਕਾਂਗਰਸੀ ਆਗੂ ਵੀ ਹਾਜਰ ਸਨ।