ਫ਼ਰੀਦਕੋਟ , 24 ਮਈ – (ਪੰਜਾਬ ਡਾਇਰੀ ) ਖੇਡ ਵਿਭਾਗ ਪੰਜਾਬ ਵੱਲੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਵਿੱਚ ਹੋਣਹਾਰ ਖਿਡਾਰੀਆਂ /ਖਿਡਾਰਨਾਂ ਨੂੰ ਦਾਖਲ ਕਰਨ ਲਈ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸ. ਪਰਮਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਵੱਖ-ਵੱਖ ਗੇਮਾਂ ਨੂੰ ਪ੍ਰਮੋਟ ਕਰਨ ਲਈ ਖਿਡਾਰੀਆਂ ਨੂੰ ਡੇ-ਸਕਾਲਰ ਸਪੋਰਟਸ ਵਿੰਗ (ਸਕੂਲ) ਵਿੱਚ ਸ਼ਾਮਿਲ ਕੀਤਾ ਜਾਣਾ ਹੈ। ਜਿਸ ਸਬੰਧੀ ਖਿਡਾਰੀਆਂ ਦੀ ਚੌਣ ਕਰਨ ਲਈ ਵੱਖ-ਵੱਖ ਗੇਮਾਂ (ਹੈਂਡਬਾਲ, ਹਾਕੀ, ਕਬੱਡੀ, ਵਾਲੀਬਾਲ, ਬਾਸਕਿਟਬਾਲ, ਅਥਲੈਟਿਕਸ, ਸ਼ੂਟਿੰਗ, ਕੁਸ਼ਤੀ ਅਤੇ ਤੈਰਾਕੀ) ਦੇ ਟਰਾਇਲ ਮਿਤੀ 27 ਮਈ,2022ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਉਨਾਂ ਦਸਿਆ ਕਿ ਗੇਮ ਹੈਂਡਬਾਲ, ਕਬੱਡੀ, ਬਾਸਕਿਟਬਾਲ, ਵਾਲੀਬਾਲ ਅਤੇ ਅਥਲੈਟਿਕਸ ਦੇ ਟਰਾਇਲ (ਨਹਿਰੂ ਸਟੇਡੀਅਮ ਫਰੀਦਕੋਟ ਵਿਖੇ) ਗੇਮ ਹਾਕੀ ਦੇ ਟਰਾਇਲ (ਐਸਟਰੋ ਟਰਫ ਹਾਕੀ ਸਟੇਡੀਅਮ, ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ) ਗੇਮ ਕੁਸ਼ਤੀ ਦੇ ਟਰਾਇਲ (ਜਿਮਨੇਜੀਅਮ ਹਾਲ, ਨਹਿਰੂ ਸਟੇਡੀਅਮ ਫਰੀਦਕੋਟ ਵਿਖੇ) ਲਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹਾ ਖੇਡ ਅਫਸਰ ਵੱਲੋ ਇਹ ਦੱਸਿਆ ਗਿਆ ਕਿ ਇਨ੍ਹਾਂ ਟਰਾਇਲਾਂ ਵਿਚ ਉਹ ਹੀ ਖਿਡਾਰੀ ਭਾਗ ਲੈ ਸਕਦਾ ਹੈ ਜਿਸ ਨੇ ਜਿਲ੍ਹਾ ਪੱਧਰੀ ਕੰਪੀਟੀਸਨਾਂ ਵਿਚੋਂ ਪਹਿਲਾ, ਦੂਜਾ ਜਾਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੋਵੇ ਜਾਂ ਰਾਜ ਪੱਧਰੀ ਕੰਪੀਟੀਸ਼ਨਾਂ ਵਿੱਚ ਭਾਗ ਲਿਆ ਹੋਵੇ।ਇਸ ਤੋਂ ਇਲਾਵਾ ਟਰਾਇਲ ਦੇ ਅਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਖਿਡਾਰੀ ਫਿਜੀਕਲ ਅਤੇ ਮੈਡੀਕਲੀ ਫਿੱਟ ਹੋਵੇ।ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨਾਂ ਦਾ ਜਨਮ ਅੰਡਰ-14 ਲਈ 01-01-2009, ਅੰਡਰ-17 ਲਈ 01-01-2006, ਅੰਡਰ-19 ਲਈ 01-01-2004 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਚਾਹਵਾਨ ਖਿਡਾਰੀ/ਖਿਡਾਰਨਾਂ ਆਪਣੀ ਜਨਮ ਮਿਤੀ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜਾ ਪਾਸਪੋਰਟ ਸਾਈਜ ਫੋਟੋਗ੍ਰਾਫ ਨਾਲ ਲੈ ਕੇ ਆਉਣ ਅਤੇ ਮਿਤੀ 27-05-2022 ਨੂੰ ਸਵੇਰੇ 08:00 ਵਜੇ ਸਬੰਧਤ ਗੇਮਾਂ ਦੇ ਟਰਾਇਲ ਸਥਾਨਾਂ ਉੇਤੇ ਰਜਿਸਟਰੇਸ਼ਨ ਲਈ ਰਿਪੋਰਟ ਕਰਨ। ਟਰਾਇਲਾਂ ਵਿਚੋ ਚੁਣੇ ਗਏ ਖਿਡਾਰੀਆਂ/ਖਿਡਾਰਨਾਂ ਨੂੰ ਸਰਕਾਰ ਵੱਲੋਂ ਡੇ-ਸਕਾਲਰ ਲਈ 100/- ਰੁਪਏ ਪ੍ਰ੍ਰਤੀ ਦਿਨ ਦੇ ਹਿਸਾਬ ਨਾਲ ਖੁਰਾਕ/ਰਿਫਰੈਸ਼ਮੈਂਟ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।ਟਰਾਇਲ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।