ਚੰਡੀਗੜ੍ਹ, 4 ਜੂਨ -(ਪੰਜਾਬ ਡਾਇਰੀ) ਆਮ ਆਦਮੀ ਪਾਰਟੀ ਨੇ ਗੁਰਮੇਲ ਸਿੰਘ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਬਣਾਇਆ ਹੈ। 39 ਸਾਲਾ ਗੁਰਮੇਲ ਸਿੰਘ ਸੰਗਰੂਰ ਦੇ ਪਿੰਡ ਘਰਾਚੋਂ ਦਾ ਸਰਪੰਚ 2018 ਵਿਚ ਬਣਿਆਸੀ। ਕਾਂਗਰਸ ਸਰਕਾਰ ਵੇਲੇ ਹੋਈਆਂ ਚੋਣਾਂ ਵਿਚ ਗੁਰਮੇਲ ਸਿੰਘ ਆਮ ਆਦਮੀ ਪਾਰਟੀ ਤੋਂ ਸਰਪੰਚ ਬਣਨ ਵਾਲਾ ਇਕੱਲਾ ਵਿਅਕਤੀ ਹੈ। ਉਸ ਨੇ 2014 ਵਿਚ ਭਗਵੰਤ ਮਾਨ ਦੇ ਪਹਿਲੀ ਵਾਰ ਚੋਣ ਲੜਨ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਲੜ ਫੜਿਆ। ਉਸਨੇ ਰਣਬੀਰ ਕਾਲਜ ਸੰਗਰੂਰ ਤੋਂ ਐਮ ਐਸ ਸੀ ਮੈਥ ਕੀਤੀ ਜਿਸ ਮਗਰੋਂ ਭਾਈ ਗੁਰਦਾਸ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਤਕਨਾਲੋਜੀ ਤੋਂ ਐੱਮ ਬੀ ਏ ਕੀਤੀ। ਉਹ ਕਿਸਾਨ ਹੈ ਜਿਸ ਕੋਲ ਤਕਰੀਬਨ 8 ਕਿੱਲੇ ਜ਼ਮੀਨ ਹੈ।
ਗੁਰਮੇਲ ਸਿੰਘ ਨਵੰਬਰ 2020 ਵਿਚ ਉਦੋਂ ਸੁਰਖ਼ੀਆਂ ਵਿਚ ਆਇਆ ਜਦੋਂ ਉਸ ਦੇ ਪਿੰਡ ਦੀ 23 ਏਕੜ ਪੰਚਾਇਤੀ ਜ਼ਮੀਨ ਕਾਂਗਰਸ ਸਰਕਾਰ ਨੇ ਸਿਹਤ ਵਿਭਾਗ ਨੂੰ ਤਬਦੀਲ ਕਰ ਦਿੱਤੀ ਤਾਂ ਜੋ ਪ੍ਰਾਈਵੇਟ ਮੈਡੀਕਲ ਕਾਲਜ ਬਣਾਇਆ ਜਾ ਸਕੇ। ਗੁਰਮੇਲ ਸਿੰਘ ਇਸ ਮਾਮਲੇ ਵਿਚ ਹਾਈ ਕੋਰਟ ਚਲਾ ਗਿਆ ਤੇ ਸਰਕਾਰ ਨੂੰ ਇਹ 23 ਏਕੜ ਜ਼ਮੀਨ ਪਿੰਡ ਨੂੰ ਵਾਪਸ ਕਰਨੀ ਪਈ। ਅੱਜ ਇਸ ਜ਼ਮੀਨ ’ਤੇ ਖੇਤੀ ਹੋ ਰਹੀ ਹੈ। ਗੁਰਮੇਲ ਸਿੰਘ ਸੰਗਰੂਰ ਦਾ ਜ਼ਿਲ੍ਹਾ ਇੰਚਾਰਜ ਵੀ ਹੈ।