Breaking News- ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਮੁਆਵਜ਼ਾ ਦਿਵਾਉਣ ਲਈ ਧਰਨਾ ਜਾਰੀ
ਫਰੀਦਕੋਟ, 30 ਜੂਨ – (ਪੰਜਾਬ ਡਾਇਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ. ਬੋਹੜ ਸਿੰਘ ਰੁਪੱਈਆ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਹੜ ਸਿੰਘ ਰੁਪੱਈਆ ਵਾਲਾ ਨੇ DC ਦਫਤਰ ਫਰੀਦਕੋਟ ਵਿਖੇ 10 ਜੂਨ ਤੋਂ ਅਣਮਿੱਥੇ ਸਮੇਂ ਲਈ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਮੁਆਵਜ਼ਾ ਦਿਵਾਉਣ ਲਈ ਲੱਗੇ ਧਰਨੇ ਬਾਰੇ ਗੱਲ ਕਰਦਿਆਂ ਕਿਹਾ ਕਿ ਸਰਕਾਰਾਂ ਦੀ ਕਹਿਣੀ ਤੇ ਕਰਨੀ ਵਿੱਚ ਅੰਤਰ ਇਸ ਗੱਲ ਤੋ ਹੀ ਸਿੱਧ ਹੋ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਵਫਦ ਨਾਲ ਪਹਿਲੀ ਮੀਟਿੰਗ ਵਿੱਚ ਵਫਦ ਵੱਲੋ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ 17 ਜੂਨ ਤੱਕ ਘੱਟੋ ਘੱਟ 50% ਦਿੱਲੀ ਮੋਰਚੇ ਦੇ ਸ਼ਹੀਦਾ ਦੇ ਪਰਿਵਾਰਿਕ ਮੈਂਬਰਾਂ ਨੂੰ ਸਹਾਇਤਾ ਰਾਸ਼ੀ ਦੇ ਦਿੱਤੀ ਜਾਵੇਗੀ ਅਤੇ ਹਰ ਇੱਕ ਸ਼ਹੀਦ ਦੇ ਇੱਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਪੂਰੀ ਕਰਕੇ ਜਲਦੀ ਨੌਕਰੀ ਵੀ ਦੇ ਦਿੱਤੀ ਜਾਵੇਗੀ ਪਰ ਐਨਾਂ ਸਮਾਂ ਬੀਤ ਜਾਣ ਤੋਂ ਬਾਅਦ 30 ਜੂਨ ਤੱਕ ਫਰੀਦਕੋਟ ਜ਼ਿਲ੍ਹੇ ਦੇ ਕਿਸੇ ਵੀ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨ ਦੇ ਪਰਿਵਾਰਿਕ ਮੈਂਬਰ ਨੂੰ ਨਾਂ ਤਾਂ ਸਰਕਾਰੀ ਨੌਕਰੀ ਦਿੱਤੀ ਗਈ ਹੈ ਅਤੇ ਨਾਂ ਹੀ ਕਿਸੇ ਸ਼ਹੀਦ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਸਰਕਾਰ ਵੱਲੋ ਐਲਾਨਿਆਂ ਗਿਆ ਮੁਆਵਜ਼ਾ ਦਿੱਤਾ ਗਿਆ ਹੈ । ਬੋਹੜ ਸਿੰਘ ਰੁਪੱਈਆ ਵਾਲਾ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਝੋਨੇ ਦੀ ਲਗਾਈ ਦਾ ਸੀਜ਼ਨ ਭਰ ਜੋਬਨ ਤੇ ਹੋਣ ਤੇ ਲੋਕਾਂ ਦੀਆ ਕੰਮਕਾਜ ਦੀਆਂ ਭਾਵਨਾਵਾਂ ਨੂੰ ਨੂੰ ਮੁੱਖ ਰੱਖਦਿਆਂ ਹੋਇਆਂ ਚੱਕਾ ਜਾਮ ਦੀ ਰਾਏ ਨੂੰ ਬਦਲ ਕੇ ਅਣਮਿੱਥੇ ਸਮੇਂ ਲਈ 6 ਜੂਨ ਤੋਂ DC ਫ਼ਰੀਦਕੋਟ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆਂ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਉਹਨਾਂ ਦਾ ਬਣਦਾ ਹੱਕ ਨਾਂ ਦੇਣ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਸਰਕਾਰ ਵੱਲੋ ਕੀਤੀ ਵਾਅਦਾ ਖਿਲਾਫੀ ਦੇ ਰੋਸ ਵਜੋਂ ਤੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਲਈ ਭਾਕਿਯੂ ਏਕਤਾ ਸਿੱਧੂਪੁਰ ਵੱਲੋ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਇਸ ਸੰਬੰਧ ਵਿੱਚ ਜ਼ੋਰਾਂ ਨਾਲ ਮੀਟਿੰਗਾਂ ਕਰਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋ ਪੇਸ਼ ਬਜਟ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੇਸ਼ ਕੀਤਾ ਗਿਆ ਬਜਟ ਗੋਗਲੂਆਂ ਤੋਂ ਮਿੱਟੀ ਝਾੜਨਾਂ ਹੀ ਹੈ ਇਸ ਵਿੱਚ ਕਿਸਾਨੀ ਲਈ ਕੁੱਝ ਵੀ ਨਵਾਂ ਨਹੀਂ ਹੈ ਸਰਕਾਰ ਵੱਲੋ ਮੂੰਗੀ ਤੇ MSP ਤਾਂ ਐਲਾਨ ਦਿੱਤੀ ਗਈ ਪਰ ਜ਼ਮੀਨੀ ਪੱਧਰ ਤੇ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਹੈ ਅਤੇ ਸਿੱਧੀ ਬਿਜਾਈ ਲਈ ਸਰਕਾਰ ਦੇ ਵੱਲੋ ਕੀਤੇ ਸਭ ਦਾਅਵੇ ਝੂਠੇ ਹਨ। ਝੋਨੇ ਦੀ ਸਿੱਧੀ ਬਿਜਾਈ ਲਈ ਜਦੋ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਜਰੂਰ ਸੀ ਓਦੋ ਤਾਂ ਸਰਕਾਰ ਵੱਲੋ ਦਿੱਤਾ ਨਹੀਂ ਗਿਆ ਅਤੇ ਨਹਿਰੀ ਪਾਣੀ ਉਸ ਸਮੇਂ ਦਿੱਤਾ ਜਦੋ ਸਿੱਧੀ ਬਿਜਾਈ ਦਾ ਸਮਾਂ ਲੰਘ ਗਿਆ।
ਇਸ ਮੌਕੇ ਉਨ੍ਹਾਂ ਨਾਲ :- ਬਲਾਕ ਪ੍ਰਧਾਨ ਰਜਿੰਦਰ ਸਿੰਘ ਸਾਦਿਕ,ਬਲਾਕ ਪ੍ਰਧਾਨ ਸੁਖਮੰਦਰ ਸਿੰਘ ਕੋਟਕਪੂਰਾ, ਬਲਾਕ ਪ੍ਰਧਾਨ ਚਰਨਜੀਤ ਸਿੰਘ ਫਰੀਦਕੋਟ, ਬਲਾਕ ਪ੍ਰਧਾਨ ਸੁਖਚੈਨ ਸਿੰਘ ਗੋਲੇਵਾਲਾ, ਬਲਾਕ ਪ੍ਰਧਾਨ ਮੇਜਰ ਸਿੰਘ ਬਾਜਾਖਾਨਾ, ਬਲਾਕ ਪ੍ਰਧਾਨ ਛਿੰਦਰ ਪਾਲ ਸਿੰਘ ਜੈਤੋ ਆਦਿ ਹਾਜ਼ਰ ਸਨ।
ਜਾਰੀ ਕਰਤਾ :- ਬੋਹੜ ਸਿੰਘ ਰੁਪੱਈਆ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ