ਅਕਾਲੀ ਦਲ ਦਾ ਬਾਗੀ ਲੀਡਰ ਚਰਨਜੀਤ ਸਿੰਘ ਬਰਾੜ ‘ਤੇ ਵੱਡਾ ਐਕਸ਼ਨ, ਅਰਸ਼ਦੀਪ ਕਲੇਰ ਨੇ ਭੇਜਿਆ ਲੀਗਲ ਨੋਟਿਸ
ਚੰਡੀਗੜ੍ਹ, 8 ਅਗਸਤ (ਏਬੀਪੀ ਸਾਂਝਾ)- ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅੱਜ ਸਾਬਕਾ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਬਰਾੜ ਵੱਲੋਂ ਇਹ ਦਾਅਵਾ ਕਿ ਕਲੇਰ ਨੇ ਅਦਾਲਤ ਵਿਚ ਇਹ ਹਲਫੀਆ ਬਿਆਨ ਦਾਇਰ ਕੀਤਾ ਸੀ ਕਿ ਬੇਅਦਬੀ ਮਾਮਲੇ ਵਿਚ ਨਾਮਜ਼ਦ ਡੇਰਾ ਸਿਰਸਾ ਦੇ ਮੈਂਬਰ ਬੇਕਸੂਰ ਹਨ, ਕਰਨ ਲਈ ਜਾਰੀ ਕੀਤਾ ਗਿਆ ਹੈ।
ਅਜਿਹਾ ਹੀ ਨੋਟਿਸ ਰਤਨਦੀਪ ਸਿੰਘ ਧਾਲੀਵਾਲ ਨੂੰ ਜਾਰੀ ਕੀਤਾ ਗਿਆ ਹੈ ਜੋ ਯੂ ਟਿਊਬ ਚੈਨਲ ਟਾਕ ਵਿਦ ਰਤਨ ਚਲਾਉਂਦਾ ਹੈ। ਅਰਸ਼ਦੀਪ ਸਿੰਘ ਕਲੇਰ ਵੱਲੋਂ ਭੇਜੇ ਲੀਗਲ ਨੋਟਿਸ ਵਿਚ ਉਹਨਾਂ ਦੇ ਵਕੀਲ ਨੇ ਕਿਹਾ ਕਿ ਕਲੇਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਜਿਹਾ ਕੋਈ ਹਲਫੀਆ ਬਿਆਨ ਦਾਇਰ ਨਹੀਂ ਕੀਤਾ ਅਤੇ ਲੋਕਾਂ ਸਾਹਮਣੇ ਐਡਵੋਕੇਟ ਕਲੇਰ ਦੇ ਅਕਸ ਨੂੰ ਸੱਟ ਮਾਰਨ ਵਾਸਤੇ ਜਾਣ ਬੁੱਝ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਨੋਟਿਸ ਵਿਚ ਕਿਹਾ ਗਿਆ ਕਿ ਇੰਟਰਵਿਊ ਦੇ ਰੂਪ ਵਿਚ ਬਰਾੜ ਨੇ ਇਹ ਗਲਤ ਦਾਅਵਾ ਕੀਤਾ ਹੈ ਤੇ ਇਸਨੂੰ ਸੋਸ਼ਲ ਮੀਡੀਆ ’ਤੇ ਪਾ ਕੇ ਅਕਾਲੀ ਆਗੂ ਦੇ ਅਕਸ ਨੂੰ ਹੋਰ ਸੱਟ ਮਾਰੀ ਜਾ ਰਹੀ ਹੈ। ਨੋਟਿਸ ਵਿਚ ਕਿਹਾ ਗਿਆ ਚਰਨਜੀਤ ਬਰਾੜ ਨੇ ਝੂਠਾ ਦੋਸ਼ ਲਗਾਇਆ ਹੈ ਕਿ ਐਡਵੋਕੇਟ ਕਲੇਰ ਨੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਦੀ ਇਕ ਕੇਸ ਵਿਚ ਪ੍ਰਤੀਨਿਧਤਾ ਕਰ ਰਹੇ ਹਨ।
ਨੋਟਿਸ ਵਿਚ ਚਰਨਜੀਤ ਬਰਾੜ ਤੇ ਰਤਨਦੀਪ ਧਾਲੀਵਾਲ ਨੂੰ ਸਪਸ਼ਟ ਕੀਤਾ ਗਿਆ ਕਿ ਦੋਵਾਂ ਖਿਲਾਫ ਧਾਰਾ 420, 499, 500, 501 ਅਤੇ 506 ਆਈ ਪੀ ਸੀ ਤਹਿਤ ਫੌਜਦਾਰੀ ਕੇਸ ਚਲਾਉਣਾ ਬਣਦਾ ਹੈ। ਦੋਵਾਂ ਨੂੰ ਆਖਿਆ ਗਿਆ ਹੈ ਕਿ ਉਹ ਆਪਣੇ ਮਨਘੜਤ ਦੋਸ਼ ਵਾਪਸ ਲੈਣ ਅਤੇ ਬਿਨਾਂ ਸ਼ਰਤ ਮੁਆਫੀ ਮੰਗਣ ਨਹੀਂ ਤਾਂ ਦੋਵਾਂ ਖਿਲਾਫ ਫੌਜਦਾਰੀ ਤੇ ਦੀਵਾਨੀ ਮਾਣਹਾਨੀ ਕੇਸ ਦਾਇਰ ਕੀਤੇ ਜਾਣਗੇ।