ਚੰਡੀਗੜ੍ਹ ਦੀ ਫਰਨੀਚਰ ਮਾਰਕਿਟ ਵਿਚ ਲੱਗੀ ਅੱਗ; ਕਈ ਦੁਕਾਨਾਂ ਪੂਰੀ ਤਰ੍ਹਾਂ ਸੜੀਆਂ
ਚੰਡੀਗੜ੍ਹ, 30 ਜਨਵਰੀ (ਰੋਜਾਨਾ ਸਪੋਕਸਮੈਨ)- ਚੰਡੀਗੜ੍ਹ ਦੇ ਸੈਕਟਰ 52 ਦੀ ਫਰਨੀਚਰ ਮਾਰਕੀਟ ਵਿਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਦੁਕਾਨਾਂ ਨੂੰ ਲੱਗੀ ਅੱਗ ਦੀਆਂ ਭਿਆਨਕ ਲਪਟਾਂ ਦੂਰ-ਦੂਰ ਤਕ ਦਿਖਾਈ ਦੇ ਰਹੀਆਂ ਹਨ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਸੈਕਟਰ-52 ਚੰਡੀਗੜ੍ਹ ਮੁਹਾਲੀ ਬਾਰਡਰ ‘ਤੇ ਹੈ। ਇਥੇ ਚੰਡੀਗੜ੍ਹ ਦੀ ਮਸ਼ਹੂਰ ਫਰਨੀਚਰ ਮਾਰਕੀਟ ਹੈ। ਮੰਗਲਵਾਰ ਸਵੇਰੇ ਕਰੀਬ 10 ਵਜੇ ਮਾਰਕੀਟ ਵਿਚ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਅੱਗ ‘ਤੇ ਕੁੱਝ ਹੱਦ ਤਕ ਕਾਬੂ ਪਾ ਲਿਆ ਗਿਆ ਹੈ। ਇਸ ਦੌਰਾਨ ਲੋਕਾਂ ਨੇ ਬਾਲਟੀਆਂ ਦੀ ਵਰਤੋਂ ਕਰਕੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਘਟਨਾ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਨੇ ਅਪਣਾ ਸਾਮਾਨ ਸੜਕ ‘ਤੇ ਰੱਖ ਦਿਤਾ ਹੈ। ਅੱਗਜ਼ਨੀ ਦੀ ਘਟਨਾ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ, ਜਿਸ ਵਿਚ ਕਾਫੀ ਦੂਰ ਤਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਦੱਸ ਦੇਈਏ ਕਿ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿਚ ਅਕਸਰ ਅੱਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਥੇ ਜ਼ਿਆਦਾਤਰ ਦੁਕਾਨਾਂ ਟੀਨ ਦੇ ਸ਼ੈੱਡਾਂ ਦੀਆਂ ਬਣੀਆਂ ਹੋਈਆਂ ਹਨ।