ਧੁੰਦ ਤੇ ਕੋਹਰੇ ਤੋਂ ਮਿਲੇਗੀ ਰਾਹਤ, ਪੰਜਾਬ ‘ਚ ਅੱਜ ਤੋਂ ਮੀਂਹ ਪੈਣ ਦੇ ਆਸਾਰ
ਚੰਡੀਗੜ੍ਹ, 30 ਜਨਵਰੀ (ਡੇਲੀ ਪੋਸਟ ਪੰਜਾਬੀ)- ਪਿਛਲੇ ਇੱਕ ਮਹੀਨੇ ਤੋਂ ਧੁੰਦ ਅਤੇ ਸੁੱਕੀ ਠੰਢ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਨੂੰ ਮੰਗਲਵਾਰ ਨੂੰ ਰਾਹਤ ਮਿਲੇਗੀ, ਕਿਉਂਕਿ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ ਅੱਜ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੀਂਹ ਦਾ ਇਹ ਸਿਲਸਿਲਾ 3 ਫਰਵਰੀ ਤੱਕ ਜਾਰੀ ਰਹੇਗਾ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਸੀਨੀਅਰ ਵਿਗਿਆਨੀ ਡਾ.ਏ.ਕੇ.ਸਿੰਘ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ ਅਤੇ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ। ਜਦੋਂਕਿ ਬੁੱਧਵਾਰ ਅਤੇ ਵੀਰਵਾਰ ਨੂੰ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਮੀਂਹ ਨਾਲ ਧੁੰਦ ਅਤੇ ਸੁੱਕੀ ਠੰਢ ਤੋਂ ਰਾਹਤ ਮਿਲੇਗੀ।
ਅਗਲੇ ਇੱਕ ਹਫ਼ਤੇ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦੋ ਪੜਾਵਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ਵਿੱਚ 30 ਜਨਵਰੀ ਤੋਂ 1 ਫਰਵਰੀ ਅਤੇ 3-4 ਫਰਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇੱਕ ਹਫ਼ਤੇ ਵਿੱਚ ਤਾਪਮਾਨ 1 ਤੋਂ 2 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ।
ਪਿਛਲੇ ਇੱਕ ਮਹੀਨੇ ਤੋਂ ਪੰਜਾਬ ਵਿੱਚ ਧੁੰਦ ਤੇ ਸੀਤ ਲਹਿਰ ਦਾ ਜ਼ੋਰ ਸੀ, ਉਹ ਮੀਂਹ ਨਾਲ ਖ਼ਤਮ ਹੋ ਜਾਏਗਾ। ਜਨਵਰੀ ਵਿੱਚ ਮੀਂਹ ਪੈਣ ਨਾਲ ਸੋਕਾ ਵੀ ਖ਼ਤਮ ਹੋ ਜਾਵੇਗਾ। ਕਣਕ ਤੋਂ ਲੈ ਕੇ ਬਾਕੀ ਸਾਰੀਆਂ ਫਸਲਾਂ ਨੂੰ ਮੀਂਹ ਦਾ ਫਾਇਦਾ ਹੋਵੇਗਾ।
ਧੁੰਦ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਫਸਲਾਂ ਸੜ ਗਈਆਂ ਹਨ। ਪੰਜਾਬ ਵਿੱਚ ਅੱਧ ਦਸੰਬਰ ਤੋਂ ਬਾਅਦ ਮੀਂਹ ਨਹੀਂ ਪਿਆ ਹੈ। ਹਾਲਾਂਕਿ ਮੀਂਹ ਨਾਲ ਠੰਢ ਅਤੇ ਕੰਬਣੀ ਵਧੇਗੀ। ਦੂਜੇ ਪਾਸੇ ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰੇ 8.30 ਤੋਂ 9 ਵਜੇ ਤੱਕ ਧੁੰਦ ਛਾਈ ਰਹੀ ਅਤੇ ਉਸ ਤੋਂ ਬਾਅਦ ਸੂਰਜ ਨਿਕਲਿਆ।