ਪੰਜਾਬ ਦੇ ਇਨ੍ਹਾਂ ਸ਼ਹਿਰਾਂ ਲਈ ਅਲਰਟ ਹੋਇਆ ਜਾਰੀ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਚੰਡੀਗੜ੍ਹ, 5 ਫਰਵਰੀ (ਨਿਊਜ 18)- ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਉੱਤਰੀ ਭਾਰਤ ਵਿਚ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਇਸ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗਾ ਅਤੇ ਤਾਪਮਾਨ ਵਿਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 4 ਫਰਵਰੀ ਨੂੰ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਅਤੇ ਮੈਦਾਨੀ ਖੇਤਰਾਂ ਵਿਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਐਤਵਾਰ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ ਵਿਚ ਭਾਰੀ ਤੋਂ ਦਰਮਿਆਨੀ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਪੰਜਾਬ ਦੇ ਕਈ ਹਿੱਸਿਆਂ ਵਿਚ ਤੇਜ਼ ਹਵਾਵਾਂ ਚੱਲਣਗੀਆਂ। ਬਿਜਲੀ ਗਰਜਨ ਦੇ ਨਾਲ-ਨਾਲ ਮੀਂਹ ਪਵੇਗਾ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਬੁਢਲਾਡਾ, ਲਹਿਰਾ, ਸੁਨਾਮ, ਸੰਗਰੂਰ, ਤਪਾ, ਮੁਨਕ, ਪਾਤੜਾਂ, ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਤੇਰਾਬੱਸੀ, ਫਤਿਹਗੜ੍ਹ ਸਾਹਿਬ, ਅਮਲੋਹ, ਮੋਹਾਲੀ, ਬਠਿੰਡਾ, ਗਿੱਦੜਬਾਹਾ, ਰਾਮਪੁਰਾ ਫੂਲ, ਜੈਤੂ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਬੱਸੀ ਪਠਾਣਾ, ਖੰਨਾ, ਖਰੜ, ਖਮਾਣੋਂ, ਚਮਕੌਰ ਸਾਹਿਬ, ਸਮਰਾਲਾ, ਰੂਪ ਨਗਰ, ਬਲਾਚੌਰ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫ਼ਿਰੋਜ਼ਪੁਰ, ਜ਼ੀਰਾ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ, ਨਿਹਾਲ ਸਿੰਘਵਾਲਾ ਵਿਚ ਗਰਜ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਦੂਜੇ ਪਾਸੇਸ ਮੌਸਮ ਵਿਭਾਗ ਦੀ ਚਿਤਾਵਨੀ ਮਗਰੋਂ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਦੋ ਦਿਨ ਪਹਿਲਾਂ ਤੇਜ਼ ਹਵਾਵਾਂ ਦੇ ਨਾਲ ਗੜੇ ਪੈਣ ਕਰਕੇ ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਚਿਤਾਵਨੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।
ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਦਾ ਅਲਰਟਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ‘ਚ ਅਗਲੇ ਦੋ ਦਿਨਾਂ ਲਈ ਬਰਫਬਾਰੀ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਕਿਹਾ ਕਿ ਇਸ ਦੌਰਾਨ ਬਹੁਤੀਆਂ ਥਾਵਾਂ ‘ਤੇ ਦਰਮਿਆਨੀ ਬਰਫਬਾਰੀ ਜਦਕਿ ਦੂਰ-ਦਰਾਜ ਦੇ ਇਲਾਕਿਆਂ ਤੇ ਉੱਚੇ ਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਨਾਲ ਹੀ ਸੂਬੇ ‘ਚ 6 ਫਰਵਰੀ ਤੱਕ ਹੇਠਲੇ ਇਲਾਕਿਆਂ ‘ਚ ਹਨੇਰੀ ਚੱਲਣ ਤੇ ਗੜੇ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਦੌਰਾਨ ਹੋਈ ਬਰਫਬਾਰੀ ਕਾਰਨ ਹਿਮਾਚਲ ਪ੍ਰਦੇਸ਼ ‘ਚ ਚਾਰ ਕੌਮੀ ਮਾਰਗਾਂ ਸਮੇਤ ਕੁੱਲ 485 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਸ਼ਿਮਲਾ ‘ਚ ਅੱਜ ਤਾਜ਼ਾ ਬਰਫਬਾਰੀ ਹੋਈ ਹੈ। ਦੂਜੇ ਪਾਸੇ ਸ੍ਰੀਨਗਰ ਸਮੇਤ ਕਸ਼ਮੀਰ ਦੇ ਕਈ ਹਿੱਸਿਆਂ ‘ਚ ਅੱਜ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਘਾਟੀ ‘ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।