ਰਾਜ ਪੱਧਰੀ ‘ਭਾਰਤ ਕੋ ਜਾਨੋ’ ਕੁਇਜ਼ ਮੁਕਾਬਲੇ ਵਿੱਚ ਬਾਬਾ ਫਰੀਦ ਸਕੂਲ ਦੇ ਵਿਦਿਆਰਥੀਆਂ ਨੇ ਨਾਮ ਚਮਕਾਇਆ
ਫਰੀਦਕੋਟ, 24 ਨਵੰਬਰ (ਪੰਜਾਬ ਡਾਇਰੀ)- ਪਿਛਲੇ ਦਿਨੀਂ ਭਾਰਤ ਵਿਕਾਸ ਪਰਿਸ਼ਦ ਵੱਲੋਂ ਰਾਜ ਪੱਧਰੀ ਭਾਰਤ ਕੋ ਜਾਨੋ ਕੁਇਜ਼ ਮੁਕਾਬਲਾ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿੱਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 22 ਜਿਲ੍ਹਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੀ ਟੀਮ ਨੇ ਰਾਜ ਪੱਧਰ ਤੇ ਤੀਸਰਾ ਸਥਾਨ ਹਾਸਿਲ ਕੀਤਾ। ਅਦਾਰੇ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਇਨਾ ਵਿਦਿਆਰਥਣਾਂ ਪਰਿਨਾਜ਼ ਕੌਰ ਅੱਠਵੀਂ, ਰਵਨੀਤ ਕੌਰ ਸੱਤਵੀਂ ਨੇ ਜ਼ਿਲ੍ਹਾ ਪੱਧਰ ਤੇ ਇਸ ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਅਦਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਵਿਦਿਆਰਥਨਾਂ ਨੇ ਹੁਣ ਰਾਜ ਪੱਧਰ ਤੇ ਵੀ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਜਿਲ੍ਹੇ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ‘ਹੋਣਹਾਰ ਬਲਵਾਨ ਕੇ ਹੋਤ ਚੀਕਨੇ ਪਾਤ’ ਇਹ ਕਹਿੰਦੇ ਹੋਏ ਉਹਨਾਂ ਨੇ ਇਹਨਾਂ ਵਿਦਿਆਰਥਣਾਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਉਤਸ਼ਾਹਿਤ ਕੀਤਾ ਤੇ ਦੱਸਿਆ ਕਿ ਇਹ ਵਿਦਿਆਰਥਣਾਂ ਕੋਕਰੀਕੂਲਰਜ਼ ਐਕਟੀਵੀਟਿਜ਼ ਦੇ ਨਾਲ – ਨਾਲ ਪੜ੍ਹਾਈ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੀਆਂ ਹਨ। ਉਹਨਾਂ ਨੇ ਕਿਹਾ ਕਿ ਇਸੇ ਉਮਰ ਵਿੱਚ ਹੀ ਪਤਾ ਲਗ ਜਾਂਦਾ ਹੈ ਕਿ ਇਹ ਵਿਦਿਆਰਥੀ ਅੱਗੇ ਭਵਿੱਖ ਵਿੱਚ ਵੀ ਬੁਲੰਦੀਆਂ ਹਾਸਿਲ ਕਰਨਗੇ। ਫਿਰ ਇਨ੍ਹਾਂ ਵਿਦਿਆਰਥਣਾਂ ਨੂੰ ਸਰਟੀਫਿਕੇਟ , ਟਰਾਫ਼ੀ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ।
ਅਦਾਰੇ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੇ ਇੰਨਾ ਵਿਦਿਆਰਥਣਾਂ ਨੂੰ ਆਪਣਾ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਲਗਨ ਅਤੇ ਦ੍ਰਿੜਤਾ ਨਾਲ ਕੀਤੀ ਹੋਈ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਉਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਾਬਾ ਫਰੀਦ ਜੀ ਦੀ ਮਿਹਰ ਸਦਕਾ ਤੇ ਇਹਨਾਂ ਨੂੰ ਅਦਾਰੇ ਕੋਲ ਅਜਿਹੀ ਸੂਝਵਾਨ ਟੀਮ ਹੈ ਜਿਨ੍ਹਾਂ ਦੇ ਸਹੀ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀ ਉਚੇਰੀਆਂ ਬੁਲੰਦੀਆਂ ਹਾਸਲ ਕਰ ਰਹੇ ਹਨ।