ਅਗਲੀ ਫਸਲ ਲਗਾਉਣ ਤੋਂ ਪਹਿਲਾਂ ਸੜਕਾਂ ਦੇ ਦੋਨਾਂ ਪਾਸਿਆਂ ਦੇ ਬਰਮ ਮਜ਼ਬੂਤ ਕਰਨ ਕਿਸਾਨ-ਡਿਪਟੀ ਕਮਿਸ਼ਨਰ
ਫਰੀਦਕੋਟ, 2 ਮਈ (ਪੰਜਾਬ ਡਾਇਰੀ)- ਅਗਲੀ ਫਸਲ ਲਗਾਉਣ ਤੋਂ ਪਹਿਲਾਂ ਕਿਸਾਨ ਸੜਕਾਂ ਦੇ ਦੋਨਾਂ ਪਾਸਿਆਂ ਦੇ ਬਰਮ ਮਜਬੂਤ ਕਰਨ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਪੇਂਡੂ ਲਿੰਕ ਸੜਕਾਂ ਦੇ ਬਰਮ ਮੁਕੰਮਲ ਕਰਨ ਸਬੰਧੀ ਨਿਰਦੇਸ਼ ਦਿੰਦੇ ਹੋਏ ਉਕਤ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਉਂਦਾ ਹੈ ਕਿ ਪਿੰਡਾਂ ਦੀਆਂ ਸੜਕਾਂ ਦੇ ਦੋਨਾਂ ਪਾਸਿਆਂ ਦੇ ਬਰਮ ਨਾਲ ਲਗਦੇ ਖੇਤ ਮਾਲਕਾਂ ਵੱਲੋਂ ਵੱਢ ਲਏ ਜਾਂਦੇ ਹਨ ਅਤੇ ਇਹ ਨਾਮਾਤਰ ਹੀ ਰਹਿ ਜਾਂਦੇ ਹਨ। ਇਸ ਕਾਰਨ ਆਵਾਜਾਈ ਸਮੇਂ ਵਾਹਣ ਚਾਲਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਆਹਮਣੇ ਸਾਹਮਣੇ ਤੋਂ ਗੁਜਰਦੇ ਵਾਹਨ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਸੜਕਾਂ ਦੇ ਬਰਮ ਮੁਕੰਮਲ ਨਾ ਹੋਣ ਕਾਰਨ ਸੜਕਾਂ ਵੀ ਜਲਦੀ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਵੱਲੋਂ ਕਣਕ ਦੀ ਕਟਾਈ ਤੋਂ ਬਾਅਦ ਕੁਝ ਸਮੇਂ ਲਈ ਖੇਤ ਖਾਲੀ ਹੋਣਗੇ। ਇਸ ਸਮੇਂ ਦੌਰਾਨ ਸੜਕਾਂ ਦੇ ਬਰਮ ਮੁਕੰਮਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੇਂਡੂ ਲਿੰਕ ਸੜਕਾਂ ਦੇ ਬਰਮ ਮੁਕੰਮਲ ਕਰਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਵੀ ਆਦੇਸ਼ ਦਿੰਦੇ ਹੋਏ ਕਿਹਾ ਕਿ ਪੇਂਡੂ ਲਿੰਕ ਸੜਕਾਂ ਦੇ ਬਰਮ ਮੁਕੰਮਲ ਕਰਨ ਲਈ ਕਿਸਾਨ ਮਾਲਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਬਰਮ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਲਖਵਿੰਦਰ ਸਿੰਘ ਰੰਧਾਵਾ, ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ. ਜੈਤੋ ਡਾ. ਨਿਰਮਲ ਓਸੇਪਚਨ, ਡੀ.ਡੀ.ਪੀ.ਓ ਸ. ਧਰਮਪਾਲ, ਬੀ.ਡੀ.ਪੀ.ਓ, ਤਹਿਸੀਲਦਾਰ ਜੈਤੋ, ਬੀ.ਡੀ.ਪੀ.ਓ ਜੈਤੋ, ਤਹਿਸੀਲਦਾਰ ਕੋਟਕਪੂਰਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।