ਅਡੀਸ਼ਨਲ ਸੈਸ਼ਨ ਜੱਜ ਜਗਦੀਪ ਸਿੰਘ ਮਾਰੂਕ ਗ. ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ
ਫ਼ਰੀਦਕੋਟ, 30 ਸਤੰਬਰ (ਪੰਜਾਬ ਡਾਇਰੀ)- ਬਾਬਾ ਸ਼ੇਖ ਫਰੀਦ ਜੀ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਨਗਰੀ ਫ਼ਰੀਦਕੋਟ ਵਿਖੇ ਅਡੀਸ਼ਨਲ ਸੈਸ਼ਨ ਜੱਜ ਸ. ਜਗਦੀਪ ਸਿੰਘ ਮਾਰੂਕ 30 ਸਤੰਬਰ ਨੂੰ ਆਪਣੀ ਡਿਊਟੀ ਤੋਂ ਸੇਵਾ – ਮੁਕਤ ਹੋਏ ਜਿਸ ਦੇ ਮੱਦੇਨਜ਼ਰ ਉਹ ਆਪਣੇ ਪਰਿਵਾਰ ਨਾਲ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਨਤਮਸਤਕ ਹੋਏ। ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ ਗੁਰਇੰਦਰ ਮੋਹਨ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਬਾਬਾ ਫ਼ਰੀਦ ਜੀ ਦੀ ਚਰਨ-ਛੋਹ ਪ੍ਰਾਪਤ ਨਗਰੀ, ਫ਼ਰੀਦਕੋਟ ਵਿਖੇ ਉਨ੍ਹਾਂ ਦੇ ਪਾਵਨ ਅਸਥਾਨਾਂ ‘ਤੇ ਬਾਬਾ ਫ਼ਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਹਨ । ਸ੍ਰੀ ਮਰੂਕ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਾਬਾ ਸ਼ੇਖ ਫ਼ਰੀਦ ਜੀ ਦੀ ਇਸ ਪਾਵਨ ਦਰਗਾਹ ਉੱਤੇ ਆ ਕੇ ਜੋ ਬੇਹੱਦ ਸਕੂਨ ਅਤੇ ਤਸੱਲੀ ਦਾ ਅਹਿਸਾਸ ਹੋਇਆ ਹੈ, ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਡਾ. ਗੁਰਇੰਦਰ ਮੋਹਨ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ । ਇਸ ਮੌਕੇ ਬਾਬਾ ਫ਼ਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਸ ਇੰਦਰਜੀਤ ਸਿੰਘ ਖ਼ਾਲਸਾ ਨੇ ਸ. ਜਗਦੀਪ ਸਿੰਘ ਮਾਰੂਕ ਨੂੰ ਜੀ ਆਇਆਂ ਆਖਦਿਆਂ ਉਹਨਾਂ ਦੀ ਚੰਗੀ ਸਿਹਤ, ਖੁਸ਼ਹਾਲੀ, ਲੰਮੀ ਉਮਰ ਦੀ ਕਾਮਨਾ ਕੀਤੀ।