ਅਰਵਿੰਦ ਕੇਜਰੀਵਾਲ ਤੇ CM ਮਾਨ ਪਹੁੰਚੇ ਪਟਿਆਲਾ, ਮਿਸ਼ਨ ਸਿਹਤਮੰਦ ਪੰਜਾਬ ਦੀ ਕਰਨਗੇ ਸ਼ੁਰੂਆਤ
ਪਟਿਆਲਾ, 2 ਅਕਤੂਬਰ (ਡੇਲੀ ਪੋਸਟ ਪੰਜਾਬੀ)- ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਟਿਆਲਾ ਪਹੁੰਚੇ। ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਵੀ ਮੌਜੂਦ ਹਨ। ਉਨ੍ਹਾਂ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਵਿਸ਼ੇਸ਼ ਯੂਨਿਟ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਅੰਦਰ ਗਏ ਅਤੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ।
ਇਸ ਤੋਂ ਬਾਅਦ ਉਹ ਪਟਿਆਲਾ-ਸੰਗਰੂਰ ਰੋਡ ‘ਤੇ ਸਥਿਤ ਨਿਊ ਪੋਲੋ ਗਰਾਊਂਡ (ਏਵੀਏਸ਼ਨ ਕਲੱਬ) ਗਏ, ਜਿੱਥੇ ਉਨ੍ਹਾਂ ਨੇ ਸਵਸਥ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ 550 ਕਰੋੜ ਰੁਪਏ ਨਾਲ ਹਸਪਤਾਲਾਂ ਦੀ ਹਾਲਤ ਸੁਧਰੇਗੀ।
ਪਟਿਆਲੇ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਅਤੇ ਕਿਹਾ, ”ਅੱਜ ਗਾਂਧੀ ਜਯੰਤੀ ਦੇ ਮੌਕੇ ‘ਤੇ ਪੰਜਾਬ ‘ਚ ਸਿਹਤ ਕ੍ਰਾਂਤੀ ਸ਼ੁਰੂ ਹੋਣ ਜਾ ਰਹੀ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓ.ਟੀ., ਆਈ.ਸੀ.ਯੂ ਆਦਿ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਇਸ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਵੇਗਾ।
ਇਸ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਨੇ ਰੂਟ ਪਲਾਨ ਵੀ ਜਾਰੀ ਕਰ ਦਿੱਤਾ ਹੈ। ਸੰਗਰੂਰ ਅਤੇ ਸਮਾਣਾ ਵਾਲੇ ਪਾਸੇ ਤੋਂ ਪਟਿਆਲਾ ਸ਼ਹਿਰ ਵਿੱਚ ਦਾਖਲ ਹੋਣ ਵਾਲਾ ਟਰੈਫਿਕ ਮੇਨ ਰੋਡ ਰਾਹੀਂ ਪਟਿਆਲਾ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ ਅਤੇ ਇਹ ਟਰੈਫਿਕ ਡਕਾਲਾ ਰੋਡ, ਦੇਵੀਗੜ੍ਹ ਰੋਡ-ਸਨੌਰ ਰੋਡ ਰਾਹੀਂ ਸ਼ਹਿਰ ਵਿੱਚ ਦਾਖਲ ਹੋਵੇਗਾ।
ਜਦਕਿ ਪਟਿਆਲਾ ਸ਼ਹਿਰ ਤੋਂ ਸੰਗਰੂਰ ਅਤੇ ਸਮਾਣਾ ਵੱਲ ਜਾਣ ਵਾਲੀ ਟਰੈਫਿਕ ਸਨੌਰ ਰੋਡ-ਦੇਵੀਗੜ੍ਹ ਰੋਡ-ਡਕਾਲਾ ਰੋਡ ਰਾਹੀਂ ਸੰਗਰੂਰ ਅਤੇ ਸਮਾਣਾ ਵੱਲ ਜਾਵੇਗੀ। ਫਰਵਾੜਾ ਚੌਂਕ, ਪਟਿਆਲਾ ਤੋਂ ਖੰਡਾ ਚੌਂਕ, ਪਟਿਆਲਾ ਲੀਲਾ ਭਵਨ ਚੌਂਕ ਫਰਵਾੜਾ ਚੌਂਕ, ਪਟਿਆਲਾ-ਠੀਕਰੀਵਾਲਾ ਚੌਂਕ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਥਾਣਾ ਪਸਿਆਣਾ ਤੱਕ ਮੁੱਖ ਸੜਕ (ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ) ਦੀ ਵਰਤੋਂ ਨਾ ਕਰੋ।