ਕੋਟਕਪੂਰਾ, 30 ਮਈ ( ਪੰਜਾਬ ਡਾਇਰੀ ) ਪੰਜਾਬ ਸਰਕਾਰ ਵਲੋਂ ਹਿੰਦੀ, ਪੰਜਾਬੀ ਅਤੇ ਅੰਗਰੇਜੀ ਅਖਬਾਰਾਂ ਵਿੱਚ ਅਰੂੜ ਜੀ ਮਹਾਂਰਾਜ ਦੇ ਜਨਮ ਦਿਵਸ ਦੀਆਂ ਵਧਾਈਆਂ ਵਾਲੇ ਲੱਗੇ ਵੱਡੇ ਵੱਡੇ ਇਸ਼ਤਿਹਾਰਾਂ ਨਾਲ ਜਿੱਥੇ ਬਰਾਦਰੀ ਦਾ ਸਿਰ ਉੱਚਾ ਹੁੰਦਾ ਹੈ, ਉੱਥੇ ਅਰੋੜਾ ਬਰਾਦਰੀ ਨੂੰ ਵੀ ਏਕੇ ਦਾ ਸਬੂਤ ਦੇਣ ਦੇ ਯਤਨ ਕਰਨੇ ਚਾਹੀਦੇ ਹਨ। ਅਰੋੜਬੰਸ ਸਭਾ ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਚਲਾਏ ਜਾ ਰਹੇ ਸ੍ਰ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਵਿਖੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਭਾ ਦੇ ਪ੍ਰਚਾਰਕ ਮਨਮੋਹਨ ਸਿੰਘ ਚਾਵਲਾ ਨੇ ਅਰੂੜ ਜੀ ਮਹਾਂਰਾਜ ਦੀ ਜੀਵਨੀ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ। ਉਹਨਾ ਦੱਸਿਆ ਕਿ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰੱਖੇ ਗਏ ਉਕਤ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨਾ ਵਜੋਂ ਪੁੱਜੇ ਸਰਪ੍ਰਸਤ ਨੰਦ ਲਾਲ ਬਹਾਵਲਪੁਰੀ, ਜਗਦੀਸ਼ ਛਾਬੜਾ, ਕਿਸ਼ਨ ਲਾਲ ਬਿੱਲਾ ਸਮੇਤ ਹਾਜਰੀਨ ਨੇ ਅਰੂੜ ਜੀ ਮਹਾਂਰਾਜ ਦੀ ਤਸਵੀਰ ’ਤੇ ਫੁੱਲਮਾਲਾਵਾਂ ਚੜਾਉਂਦਿਆਂ ਇਕ ਦੂਜੇ ਨੂੰ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ। ਕੰਪਿਊਟਰ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਮੋਹਨ ਲਾਲ ਗੁਲਾਟੀ ਅਤੇ ਸਭਾ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਸਭਾ ਦੇ ਸਾਬਕਾ ਪ੍ਰਧਾਨ ਸਵ: ਜਗਦੀਸ਼ ਸਿੰਘ ਮੱਕੜ ਦਾ ਸੁਪਨਾ ਸੀ ਕਿ ਕੰਪਿਊਟਰ ਸੈਂਟਰ ਦੀ ਤਰਾਂ ਆਈਲੈਟਸ ਦੀ ਪੜਾਈ ਦੀਆਂ ਸ਼ੌਕੀਨ ਲੜਕੀਆਂ ਲਈ ਇੰਗਲਿਸ਼ ਸਪੀਕਿੰਗ, ਸਪੋਕਨ ਅਤੇ ਹੋਰ ਕਲਾਸਾਂ ਸ਼ੁਰੂ ਕੀਤੀਆਂ ਜਾਣ, ਅੱਜ ਅਰੂੜ ਜੀ ਮਹਾਂਰਾਜ ਦੇ ਜਨਮ ਦਿਵਸ ਦੀ ਖੁਸ਼ੀ ਵਿੱਚ ਆਈਲੈਟਸ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਮੱਕੜ, ਬਲਵੰਤ ਸਿੰਘ ਅਰਨੇਜਾ, ਰਾਜ ਅਰੋੜਾ, ਅਮਰ ਸਿੰਘ ਮੱਕੜ ਸਮੇਤ ਕੰਪਿਊਟਰ ਸੈਂਟਰ ਦੀਆਂ ਅਧਿਆਪਕਾਵਾਂ ਵੀ ਹਾਜਰ ਸਨ।