ਅਰੋੜਬੰਸ ਸਭਾ ਵਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਸਨਮਾਨ
ਅਰੋੜਬੰਸ ਸਭਾ ਵਰਗੀਆਂ ਸੰਸਥਾਵਾਂ ਦਾ ਸਮਾਜ ਦੀ ਸੇਵਾ ’ਚ ਵੱਡਮੁੱਲਾ ਯੋਗਦਾਨ : ਸੰਧਵਾਂ
ਕੋਟਕਪੂਰਾ, 7 ਅਪ੍ਰੈਲ :- ਅਰੋੜਬੰਸ ਸਭਾ ਕੋਟਕਪੂਰਾ ਵਲੋਂ ਪੰਜਾਬ ਵਿਧਾਨ ਸਭਾ ਦੇ ਨਵ-ਨਿਯੁਕਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਥਾਨਕ ਅਰੋੜਬੰਸ ਧਰਮਸ਼ਾਲਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਹਿਲਾਂ ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ੍ਰ ਸੰਧਵਾਂ ਦਾ ਹਾਰ ਪਾ ਕੇ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ ਤੇ ਫਿਰ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਨੇ ਸਭਾ ਦੇ ਵੱਖ-ਵੱਖ ਖੇਤਰਾਂ ’ਚ ਪਾਏ ਗਏ ਅਤੇ ਪਾਏ ਜਾ ਰਹੇ ਸੇਵਾ ਕਾਰਜਾਂ ਬਾਰੇ ਸੰਖੇਪ ’ਚ ਜਿਕਰ ਕਰਦਿਆਂ ਦੱਸਿਆ ਕਿ ਪੁਰਾਣੀ ਦਾਣਾ ਮੰਡੀ ਕੋਟਕਪੂਰਾ ’ਚ ਸਭਾ ਵਲੋਂ ਚਲਾਏ ਜਾ ਰਹੇ ਸ੍ਰ. ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਤੋਂ ਹੁਣ ਤੱਕ ਸਾਢੇ 15 ਹਜਾਰ ਤੋਂ ਵੀ ਜਿਆਦਾ ਲੜਕੀਆਂ ਅਤੇ ਔਰਤਾਂ ਮਾਮੂਲੀ ਫੀਸਾਂ ਭਰ ਕੇ ਕੰਪਿਊਟਰ ਦੇ ਵੱਖ-ਵੱਖ ਕੋਰਸਾਂ ਦੇ ਸਰਟੀਫਿਕੇਟ ਪ੍ਰਾਪਤ ਕਰ ਚੁੱਕੀਆਂ ਹਨ। ਮਿੰਕੂ ਮੱਕੜ ਨੇ ਦੱਸਿਆ ਕਿ ਸਭਾ ਵਲੋਂ ਹੁਣ ਆਈਲੈਟਸ ਦੀਆਂ ਮੁਫਤ ਕਲਾਸਾਂ ਸ਼ੁਰੂ ਕਰਨ ਦੀ ਤਜਵੀਜ ਹੈ। ਉਹਨਾ ਦੱਸਿਆ ਕਿ ਜਿਸ ਤਰਾਂ ਪਹਿਲਾਂ ਲੜਕੀਆਂ ਤੇ ਔਰਤਾਂ ਨੂੰ ਕੰਪਿਊਟਰ ਦੇ ਨਾਲ ਨਾਲ ਸਿਲਾਈ, ਕਢਾਈ ਅਤੇ ਹੋਰ ਕਿੱਤਾ ਮੁੱਖੀ ਕੋਰਸਾਂ ਵਿੱਚ ਨਿਪੁੰਨ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ, ਉਸੇ ਤਰਾਂ ਨੌਜਵਾਨ ਲੜਕੀਆਂ ਨੂੰ ਇੰਗਲਿਸ਼ ਸਪੀਕੰਗ ਅਤੇ ਸਪੋਕਨ ਵਿੱਚ ਨਿਪੁੰਨ ਕੀਤਾ ਜਾਵੇਗਾ। ਸਭਾ ਦੇ ਸਰਪ੍ਰਸਤ ਮਾਸਟਰ ਹਰਨਾਮ ਸਿੰਘ ਮੁਤਾਬਿਕ ਅਨੇਕਾਂ ਲੜਕੀਆਂ ਨੂੰ ਸਰਕਾਰੀ ਨੋਕਰੀ ਮਿਲ ਚੁੱਕੀ ਹੈ ਜਦਕਿ ਕਈ ਲੜਕੀਆਂ ਵਿਦੇਸ਼ਾਂ ’ਚ ਸੈਟਲ ਹੋ ਗਈਆਂ ਹਨ। ਮੰਚ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਸਭਾ ਦਾ ਮਕਸਦ ਸਿਰਫ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਯਤਨਸ਼ੀਲ ਰਹਿਣਾ ਹੈ। ਉਹਨਾਂ ਕੁਲਤਾਰ ਸਿੰਘ ਸੰਧਵਾਂ ਨਾਲ ਬਿਤਾਏ ਪਲਾਂ ਅਤੇ ਉਹਨਾਂ ਵਲੋਂ ਨਿਭਾਏ ਸੇਵਾ ਕਾਰਜਾਂ ਦਾ ਵੀ ਜਿਕਰ ਕੀਤਾ। ਆਪਣੇ ਸੰਬੋਧਨ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਸਭਾ ਦੇ ਉਪਰਾਲਿਆਂ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਉਹ ਵੀ ਉਕਤ ਸੇਵਾਵਾਂ ’ਚ ਯੋਗਦਾਨ ਪਾਉਣ ਦੀ ਇੱਛਾ ਰੱਖਦੇ ਹਨ। ਅੰਤ ’ਚ ਪ੍ਰਧਾਨਗੀ ਮੰਡਲ ’ਚ ਬਿਰਜਮਾਨ ਉਪਰੋਕਤ ਸ਼ਖਸ਼ੀਅਤਾਂ ਤੋਂ ਇਲਾਵਾ ਨੰਦ ਲਾਲ ਬਹਾਵਲਪੁਰੀ, ਹਰਿੰਦਰ ਸਿੰਘ ਚੋਟਮੁਰਾਦਾ, ਸ਼ਾਮ ਲਾਲ ਚਾਵਲਾ, ਮੋਹਨ ਲਾਲ ਗੁਲਾਟੀ, ਕਿਸ਼ਨ ਲਾਲ ਬਿੱਲਾ, ਮਨਮੋਹਨ ਸਿੰਘ ਚਾਵਲਾ ਆਦਿ ਨੇ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ ਪੱਤਰ ਅਤੇ ਲੋਈ ਨਾਲ ਸਨਮਾਨ ਕੀਤਾ।
ਸਬੰਧਤ ਤਸਵੀਰਾਂ ਵੀ।