ਅਰੋੜਬੰਸ ਸਭਾ ਵੱਲੋਂ ਕੀਤੇ ਸੇਵਾ ਕਾਰਜਾਂ ਅਤੇ ਅਗਾਮੀ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ
ਕੋਟਕਪੂਰਾ, 26 ਮਾਰਚ :- ਅਰੋੜਬੰਸ ਸਭਾ ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਪਿਛਲੇ ਲੰਮੇ ਸਮੇਂ ਤੋਂ ਚਲਾਏ ਜਾ ਰਹੇ ਸ੍ਰ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਵਿਖੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਭਾ ਵੱਲੋਂ ਕੀਤੇ ਸੇਵਾ ਕਾਰਜਾਂ ਅਤੇ ਅਗਾਮੀ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਕੰਪਿਊਟਰ ਸੈਂਟਰ ਦੀ ਜਗਾ ਤਬਦੀਲ ਕਰਨ ਸਬੰਧੀ ਹੋਈ ਲੰਮੀ ਵਿਚਾਰ ਤੋਂ ਬਾਅਦ ਸੈਂਟਰ ਨੂੰ ਇਸੇ ਥਾਂ ਰੱਖਣ ਦੀ ਸਹਿਮਤੀ ਬਣੀ। ਮੀਟਿੰਗ ਦੀ ਸ਼ੁਰੂਆਤ ਵਿੱਚ ਜਿੱਥੇ ਕਲੱਬ ਦੇ ਸਰਪ੍ਰਸਤ ਗੋਪੀ ਚੰਦ ਛਾਬੜਾ ਅਤੇ ਜਗਦੀਸ਼ ਛਾਬੜਾ ਦੀ ਸਿਹਤ ਤੰਦਰੁਸਤੀ ਲਈ ਅਰਦਾਸ ਕੀਤੀ ਗਈ, ਉੱਥੇ ਵਿਛੜੇ ਮੈਂਬਰਾਂ ’ਚ ਸ਼ਾਮਲ ਮਾਤਾ ਸਾਹਿਬ ਕੌਰ ਪਤਨੀ ਸਵ: ਖੁਸ਼ੀ ਸਿੰਘ ਮੱਕੜ ਸਮੇਤ ਪਿ੍ਰੰਸ ਖੁਰਾਣਾ ਰਣਧੀਰ ਕਟਾਰੀਆ, ਰਜਿੰਦਰਪਾਲ ਸਿੰਘ ਮਦਾਨ ਅਤੇ ਨਰੇਸ਼ ਕੁਮਾਰ ਕਟਾਰੀਆ ਆਦਿ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਮੀਟਿੰਗ ਦੌਰਾਨ ਵਿਧਾਨ ਸਭਾ ਦੇ ਨਵ-ਨਿਯੁਕਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਸਨਮਾਨ ਕਰਨ ਦੀ ਤਜਵੀਜ਼ ਰੱਖੀ ਗਈ, ਜਦਕਿ ਆਈਲੈਟਸ ਅਤੇ ਸਿਲਾਈ ਸੈਂਟਰ ਦੀ ਸਿਖਲਾਈ ਲਈ ਤਜਰਬੇਕਾਰ ਅਧਿਆਪਕਾਂ ਦੀ ਮੰਗ ਵੀ ਉੱਠੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨੰਦ ਲਾਲ ਬਹਾਵਲਪੁਰੀ, ਮੋਹਨ ਲਾਲ ਗੁਲਾਟੀ, ਜਸਵਿੰਦਰ ਸਿੰਘ ਗੇਰਾ, ਗੁਰਮੀਤ ਸਿੰਘ ਮੱਕੜ, ਹਰਿੰਦਰਪਾਲ ਸਿੰਘ ਹੈਰੀ, ਪ੍ਰੀਤਮ ਸਿੰਘ ਮੱਕੜ, ਮਨਮੋਹਨ ਸਿੰਘ ਚਾਵਲਾ, ਜਗਜੀਤ ਸਿੰਘ ਮੱਕੜ, ਐਡਵੋਕੇਟ ਅਸ਼ੀਸ਼ ਬਿੱਲਾ, ਅਮਰ ਸਿੰਘ ਮੱਕੜ ਆਦਿ ਵੀ ਹਾਜਰ ਸਨ।