ਅਸ਼ੋਕਾ ਯੂਨੀਵਰਸਿਟੀ ਦੇ ਸੰਸਥਾਪਕਾਂ ‘ਤੇ ED ਦਾ ਛਾਪਾ, ਪੰਜਾਬ, ਚੰਡੀਗੜ੍ਹ, ਪੰਚਕੂਲਾ ਪਹੁੰਚੀਆਂ ਟੀਮਾਂ
ਚੰਡੀਗੜ੍ਹ, 27 ਅਕਤੂਬਰ (ਰੋਜਾਨਾ ਸਪੋਕਸਮੈਨ)- ਈਡੀ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅਸ਼ੋਕਾ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਫਾਰਮਾਸਿਊਟੀਕਲ ਕੰਪਨੀ ਪੈਰਾਬੋਲਿਕ ਡਰੱਗਜ਼ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ ਹੈ। ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਦਰਜ ਇੱਕ ਮਾਮਲੇ ਵਿਚ ਦੇਸ਼ ਵਿਚ 17 ਥਾਵਾਂ ‘ਤੇ ਇੱਕੋ ਸਮੇਂ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।
ਜਿਸ ਵਿੱਚ ਦਿੱਲੀ ਵਿਚ 7 ਥਾਵਾਂ, ਮੁੰਬਈ ਵਿੱਚ 7ਥਾਵਾਂ ਅਤੇ ਪੰਜਾਬ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਕੰਪਨੀ ਦੇ ਡਾਇਰੈਕਟਰਾਂ ਅਤੇ ਪ੍ਰਮੋਟਰਾਂ ਪ੍ਰਣਵ ਗੁਪਤਾ ਅਤੇ ਵਿਨੀਤ ਗੁਪਤਾ ‘ਤੇ 1525 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਦੋਸ਼ ਹੈ। ਚੰਡੀਗੜ੍ਹ ਸਥਿਤ ਫਾਰਮਾਸਿਊਟੀਕਲ ਕੰਪਨੀ ਪੈਰਾਬੋਲਿਕ ਡਰੱਗਜ਼ ਨਾਲ ਸਬੰਧਤ 1,525 ਕਰੋੜ ਰੁਪਏ ਦੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਅਸ਼ੋਕਾ ਯੂਨੀਵਰਸਿਟੀ ਦੇ ਪ੍ਰਣਬ ਗੁਪਤਾ ਅਤੇ ਵਿਨੀਤ ਗੁਪਤਾ ਖ਼ਿਲਾਫ਼ ਈਡੀ ਨੇ ਛਾਪੇਮਾਰੀ ਕੀਤੀ ਹੈ।
ਇਹ ਛਾਪੇਮਾਰੀ ਸੈਂਟਰਲ ਬੈਂਕ ਆਫ ਇੰਡੀਆ ਅਤੇ 11 ਹੋਰ ਬੈਂਕਾਂ ਨਾਲ ਹੋਈ ਧੋਖਾਧੜੀ ਨਾਲ ਸਬੰਧਤ ਹੈ। ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵੱਡੇ ਕਰਜ਼ੇ ਲਏ ਅਤੇ ਫੰਡਾਂ ਦਾ ਗਬਨ ਕੀਤਾ। ਅਸ਼ੋਕਾ ਯੂਨੀਵਰਸਿਟੀ ਦੀ ਵੈੱਬਸਾਈਟ ਵਿਨੀਤ ਨੂੰ ਸੰਸਥਾਪਕ ਅਤੇ ਟਰੱਸਟੀ ਅਤੇ ਪ੍ਰਣਵ ਨੂੰ ਸਹਿ-ਸੰਸਥਾਪਕ ਵਜੋਂ ਦਰਸਾਉਂਦੀ ਹੈ। ਦੋਵੇਂ ਯੂਨੀਵਰਸਿਟੀ ਦੀ ਸੰਸਥਾਪਕ ਕਮੇਟੀ ਦੇ ਮੈਂਬਰ ਹਨ।