‘ਅਸੀਂ ਕੰਮ ਕਰਦੇ ਹਾਂ, ਇਨ੍ਹਾਂ ਦੀ ਤਰ੍ਹਾਂ ਜੁਮਲੇ ਨਹੀਂ ਸੁਣਾਉਂਦੇ’, CM ਮਾਨ ਦਾ ਭਾਜਪਾ ‘ਤੇ ਨਿਸ਼ਾਨਾ
ਚੰਡੀਗੜ੍ਹ, 18 ਸਤੰਬਰ (ਡੇਲੀ ਪੋਸਟ ਪੰਜਾਬੀ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੀਵਾ ਪਹੁੰਚੇ ਹਨ। ਇਥੇ ਦੋਵੇਂ SAF ਗਰਾਊਂਡ ਵਿਚ ਪਾਰਟੀ ਦੀ ਮਹਾਰੈਲੀ ਵਿਚ ਸ਼ਾਮਲ ਹੋਏ। ਇਸ ਮੌਕੇ ਭਗਵੰਤ ਮਾਨ ਨੇ ਭਾਜਪਾ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਇਕ ਪਾਸੇ ਜਵਾਨ ਸ਼ਹੀਦ ਹੋਏ ਦੂਜੇ ਪਾਸੇ ਇਹ ਜਸ਼ਨ ਮਨਾ ਰਹੇ ਸਨ। ਇਹ ਦੇਸ਼ ਦੇ ਵਾਰਸ ਬਣ ਕੇ ਬੈਠ ਗਏ।ਇਨ੍ਹਾਂ ਦੇ ਬਾਪ ਦਾ ਹੈ ਦੇਸ਼। ਕਹਿੰਦੇ ਹਨ ਦੇਸ਼ ਦਾ ਨਾਂ ਬਦਲ ਦੇਵਾਂਗੇ। ਇੰਡੀਅਨ ਆਰਮੀ, ਆਈਪੀਐੱਲ, ਐੱਸਬੀਆਈ, ਆਰਬੀਆਈ, ਸਕਿਲ ਇੰਡੀਆ, ਖੇਲੋ ਇੰਡੀਆ….ਕਿੰਨਾ ਕੁਝ ਬਦਲੋਗੇ। ਇੰਨਾ ਕੁਝ ਬਦਲਣ ਦੀ ਜਗ੍ਹਾ ਇਕ ਨੂੰ ਬਦਲ ਦਿਓ, ਮੋਦੀ ਨੂੰ ਬਦਲ ਦਿਓ।
ਇਹ ਲੋਕ ਦੇਸ਼ ਨੂੰ ਲੁੱਟ ਕੇ ਖਾ ਗਏ। ਸਾਡਾ ਬਚਪਨ, ਬੁਢਾਪਾ, ਜਵਾਨੀਆਂ ਖਾ ਗਏ। ਇੰਨੇ ਪੈਸੇ ਜਮ੍ਹਾ ਕਰ ਲਏ ਕਿ ਇਨ੍ਹਾਂ ਦੀਆਂ ਆਉਣ ਵਾਲੀਆਂ 6 ਪੀੜ੍ਹੀਆਂ ਵੀ 500 ਰੁਪਏ ਦੇ ਨੋਟ ਦਾ ਨਿਵਾਲਾ ਬਣਾ ਕੇ ਖਾਣਗੇ ਤਾਂ ਵੀ ਖਤਮ ਨਹੀਂ ਹੋਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ 18 ਮਹੀਨੇ ਹੋ ਗਏ। ਸ਼ਰਤ ਲਗਾਉਂਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ 18 ਮਹੀਨੇ ਤੇ ਸ਼ਿਵਰਾਜ ਸਿੰਘ ਚੌਹਾਨ ਦੇ 18 ਸਾਲ ਮਿਲਾ ਕੇ ਦੇਖ ਲਓ। 36 ਹਜ਼ਾਰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ। 90 ਫੀਸਦੀ ਘਰਾਂ ਦੇ ਬਿਜਲੀ ਬਿੱਲ 0 ਕਰਕੇ ਤੁਹਾਡੇ ਸਾਹਮਣੇ ਆਇਆ ਹਾਂ। 28 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤਾ। 12710 ਟੀਚਰਾਂ ਦੀ ਨੌਕਰੀ ਪੱਕੀ ਕੀਤੀ। 50 ਹਜ਼ਾਰ ਕਰੋੜ ਦਾ ਨਿਵੇਸ਼ ਡੇਢ ਸਾਲ ਵਿਚ ਆ ਗਿਆ। ਇਸ ਨਾਲ 2 ਲੱਖ 86 ਹਜ਼ਾਰ ਨੂੰ ਰੋਜ਼ਗਾਰ ਮਿਲੇਗਾ।
ਉਨ੍ਹਾਂ ਕਿਹਾ ਕਿ ਅਸੀਂ ਕੰਮ ਕਰਦੇ ਹਾਂ ਇਨ੍ਹਾਂ ਦੀ ਤਰ੍ਹਾਂ ਜੁਮਲੇ ਨਹੀਂ ਸੁਣਾਉਂਦੇ।
ਇਨ੍ਹਾਂ ਦੀ ਜੁਮਲਿਆਂ ਦੀ ਫੈਕਟਰੀ ਜ਼ੋਰ ਨਾਲ ਚੱਲ ਰਹੀ ਹੈ। ਹਰ ਗੱਲ ‘ਤੇ ਝੂਠ ਬੋਲਦੇ ਹਨ। ਮੈਂ ਤਾਂ ਸੰਸਦ ਵਿਚ ਬੋਲ ਦਿੱਤਾ ਸੀ, ਪੀਐੱਮ ਮੋਦੀ ਸਾਹਮਣੇ ਬੈਠੇ ਸਨ। ਮੈਂ ਕਿਹਾ ਸੀ ਕਿ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ। ਕਾਲੇ ਧਨ ਬਾਰੇ ਸੋਚਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ। ਹਰ ਬਾਲ ਹੀ ਜੁਮਲਾ ਨਿਕਲੀ, ਹੁਣ ਤਾਂ ਇਹ ਵੀ ਸ਼ੱਕ ਹੈ ਕਿ ਕੀ ਚਾਹ ਬਣਾਉਣੀ ਆਉਂਦੀ ਹੈ।