ਅਸੀਸ ਟੀਮ ਦੇ 9 ਵਲੰਟੀਅਰਾਂ ਨੇ ਕੀਤੀਆਂ ਅੱਖਾਂ ਦਾਨ
ਅੱਖਾਂ ਦਾਨ ਕਰਕੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫਾ ਦਿਓ-ਡਾ.ਪ੍ਰਭਦੀਪ ਚਾਵਲਾ
ਫਰੀਦਕੋਟ – ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਅਤੇ ਐੱਸ.ਐੱਮ.ਓ ਡਾ.ਰਾਜੀਵ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਅਧੀਨ ਆਮ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਰਜਿਸਟ੍ਰੇਸ਼ਨ ਫ਼ਾਰਮ ਤਕਸੀਮ ਕੀਤੇ ਜਾਂਦੇ ਹਨ।ਪਿੰਡਾਂ ਦੀਆਂ ਔਰਤਾਂ ਦੇ ਹੱਕਾਂ,ਸਿਹਤ ਜਾਗਰੂਕਤਾ ਅਤੇ ਸਮਾਜ ਭਲਾਈ ਕਾਰਜਾਂ ਲਈ ਕੰਮ ਕਰ ਰਹੀ ਅਸੀਸ ਟੀਮ ਦੇ ਲੀਡਰ ਮੈਡਮ ਜਤਿੰਦਰ ਕੌਰ ਕਲਸੀ ਅਤੇ ਉਨ੍ਹਾਂ ਦੀ ਟੀਮ ਨੂੰ ਵੀ ਅੱਖਾਂ ਦਾਨ ਕਰਨ ਸਬੰਧੀ ਜਾਣਕਾਰੀ ਦਿੱਤੀ ਤੇ ਪ੍ਰੇਰਿਤ ਕੀਤਾ ਗਿਆ ਸੀ। ਅਸੀਸ ਟੀਮ ਵੱਲੋਂ ਇਸ ਭਲਾਈ ਕਾਰਜ ‘ਚ ਯੋਗਦਾਨ ਪਾਉਂਦਿਆਂ 9 ਵਲੰਟੀਅਰਾਂ ਦੇ ਅੱਖਾਂ ਦਾਨ ਸਹੁੰ ਫਾਰਮ ਮੁਕੰੰਮਲ ਭਰਕੇ ਸੌਂਪੇ ਗਏ,ਡਾ.ਪ੍ਰਭਦੀਪ ਨੇ ਮੈਡਮ ਜਤਿੰਦਰ ਕਲਸੀ ਦਾ ਇਸ ਭਲਾਈ ਸੁਨੇਹੇ ਨੂੰ ਅੱਗੇ ਪਹੁੰਚਾਉਣ ਤੇ ਵਲੰਟੀਅਰਾਂ ਨੂੰ ਇਸ ਮਹਾਨ ਦਾਨ ਲਈ ਤਿਆਰ ਕਰਨ ਲਈ ਕੀਤੇ ਸ਼ਲਾਘਾਯੋਗ ਉਪਰਾਲੇ ਲਈ ਸਿਹਤ ਵਿਭਾਗ ਵੱਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਅੱਖਾਂ ਦੇ ਕੌਰਨੀਆ ਦੀ ਬਿਮਾਰੀ ਨਾਲ ਹੋਣ ਵਾਲਾ ਅੰਨਾਪਣ ਪੁਤਲੀ ਬਦਲਣ ਦੇ ਆਪਰੇਸ਼ਨ ਨਾਲ ਦੂਰ ਕੀਤਾ ਜਾ ਸਕਦਾ ਹੈ। ਜਿੱਥੇ ਧੁੰਦਲੇ ਕੌਰਨੀਆ ਦੀ ਥਾਂ ਤੇ ਦਾਨੀ ਅੱਖ ਤੋਂ ਇੱਕ ਸਿਹਤਮੰਦ ਕੌਰਨੀਆ ਮਰੀਜ਼ ਦੀ ਅੱਖ ਵਿੱਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ।ਉਨ੍ਹਾਂ ਮੈਡੀਕਲ ਅਫਸਰ ਸਿਵਲ ਹਸਪਤਾਲ ਅੱਖਾਂ ਦੇ ਮਾਹਿਰ ਡਾ.ਪਰਮਿੰਦਰ ਕੌਰ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ.ਸ਼ਿਲੇਖ ਮਿੱਤਲ ਦਾ ਯੋਗ ਅਗਵਾਈ ਲਈ ਧੰਨਵਾਦ ਕੀਤਾ।
ਅਸੀਸ ਟੀਮ ਲੀਡਰ ਜਤਿੰਦਰ ਕਲਸੀ ਅੱਖਾਂ ਦਾਨ ਰਜਿਸਟ੍ਰੇਸ਼ਨ ਫਾਰਮ ਭਰਕੇ ਬੀ.ਈ.ਈ ਡਾ.ਪ੍ਰਭਦੀਪ ਚਾਵਲਾ ਨੂੰ ਸੌਂਪਦੇ ਹੋਏ।