ਅਹਿਮ ਖ਼ਬਰ – ਪੁਲਿਸ ਸਾਂਝ ਕੇਂਦਰ ਵੱਲੋਂ ਪਿੰਡ ਘੁਮਿਆਰਾ ਵਿਖੇ ਸੈਮੀਨਾਰ ਲਗਾਇਆ
ਸਾਂਝ ਕੇਂਦਰ ਅਧੀਨ ਸੇਵਾਵਾਂ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ
ਫਰੀਦਕੋਟ, 11 ਅਪ੍ਰੈਲ – (ਪੰਜਾਬ ਡਾਇਰੀ) ਵਧੀਕ ਡਾਇਰੈਕਟਰ ਜਨਰਲ ਪੁਲਿਸ,ਪੰਜਾਬ ਦੇ ਹੁਕਮ ਅਨੁਸਾਰ ਔਰਤਾਂ ਅਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਅਤੇ ਉਨ੍ਹਾਂ ਦੇ ਖਿਲਾਫ ਹਿੰਸਾ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਐਸ.ਐਸ.ਪੀ ਫਰੀਦਕੋਟ ਦੀ ਯੋਗ ਅਗਵਾਈ ਅਨੁਸਾਰ ਪਿੰਡ ਘੁਮਿਆਰਾ ਵਿਖੇ ਪਿੰਡ ਵਾਸੀਆਂ ਨੂੰ ਸਰਬਜੀਤ ਸਿੰਘ ਇੰਚਾਰਜ ਸਾਂਝ ਕੇਂਦਰ ਸਬ-ਡਵੀਜਨ ਫਰੀਦਕੋਟ,ਜਸਪ੍ਰੀਤ ਕੌਰ ਸਾਂਝ ਕੇਂਦਰ ਥਾਣਾ ਸਦਰ ਫ਼ਰੀਦਕੋਟ ਅਤੇ ਮਹਿਲਾ ਮਿੱਤਰ ਥਾਣਾ ਸਦਰ ਫਰੀਦਕੋਟ ਤੋਂ ਰਮਨਦੀਪ ਕੌਰ ਅਤੇ ਹਰਜੀਤ ਕੌਰ ਨੇ ਸਾਂਝ ਕੇਂਦਰ ਸਬ-ਡਵੀਜਨ ਫਰੀਦਕੋਟ ਵੱਲੋਂ ਦਿਤੀਆਂ ਜਾਂਦੀਆਂ ਸੇਵਾਵਾਂ ਬਾਰੇ,ਘਰੇਲੂ ਹਿੰਸਾ ਆਪਣੇ ਹੱਕਾ ਜਾਗਰੂਕ ਹੋਣ ਅਤੇ ਮਹਿਲਾ ਮਿੱਤਰ ਦੇ ਹੈਲਪ,ਐਮਰਜੈਂਸੀ ਨੰਬਰ 181,112 ਤੇ ਨਵਾਂ ਜਾਰੀ ਕੀਤਾ ਗੁਮਸ਼ੁਦਾ ਤੇ ਸ਼ੋਸ਼ਿਤ ਬੱਚਿਆਂ ਬਾਰੇ ਵਟਸਐਪ ਨੰਬਰ 95177-95178 ਦੀ ਜਾਣਕਾਰੀ ਦਿੱਤੀ।
ਇਸ ਮੌਕੇ ਆਈ.ਈ.ਸੀ ਨੋਡਲ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਆਮ ਲੋਕਾਂ ਨੂੰ ਸਿਹਤ ਵਿਭਾਗ ਦੇ ਡਰੱਗ-ਡੀ-ਅਡਿਕਸ਼ਨ ਪ੍ਰੋਗਰਾਮ ਸਬੰਧੀ ਕੀਤੀਆਂ ਜਾ ਰਹੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ।ਉਨਾਂ ਦੱਸਿਆ ਕਿ ਪੁਲਿਸ ਵਿਭਾਗ,ਸਮਾਜਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਕਈ ਪਿੰਡਾਂ ਵਿੱਚ ਨਸ਼ਾ ਵਿਰੋਧੀ ਵਿਸ਼ੇਸ਼ ਮੀਟਿੰਗਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ, ਬਲਾਕ ਅਧੀਨ ਕਈ ਪਿੰਡਾਂ ਵਿੱਚ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਉਨਾਂ ਪਿੰਡਾਂ ਨੂੰ ਨਸ਼ਾ ਮੁਕਤ ਪਿੰਡ ਘੋਸ਼ਿਤ ਵੀ ਕੀਤਾ ਜਾਵੇਗਾ।ਉਨਾਂ ਆਮ ਲੋਕਾਂ ਨੂੰ ਨਸ਼ਾ ਵਿਰੋਧੀ ਮੁਹਿੰਮ ‘ਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਪੁਨਰਵਾਸ ਕੇਂਦਰ ਦੇ ਮੈਨੇਜਰ ਆਗਿਆਪਾਲ ਸਿੰਘ ਅਤੇ ਕਾਊਂਸਲਰ ਗੁਰਸਾਹਿਬ ਸਿੰਘ ਨੇ ਵਿਭਾਗ ਅਧੀਨ ਚਲਾਏ ਜਾ ਰਹੇ ਨਸ਼ਾ ਛੁਡਾਉ ਕੇਂਦਰ,ਪੁਨਰਵਾਸ ਕੇਂਦਰ ਅਤੇ ਓਟ ਕਲਨੀਕ ਅਧੀਨ ਮੁਹੱਈਆ ਮੁਫਤ ਇਲਾਜ ਸੇਵਾਵਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ,ਉਨ੍ਹਾਂ ਦੱਸਿਆ ਕਿ ਇਲਾਜ ਅਧੀਨ ਨਸ਼ਾ ਪੀੜਤ ਨੌਜਵਾਨਾਂ ਨੂੰ ਰੋਜੀ-ਰੋਟੀ ਦੇ ਕਾਬਲ ਬਨਾਉਣ ਲਈ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾ ਰਹੇ ਹਨ।
ਇਸ ਮੌਕੇ ਪਿੰਡ ਦੀ ਸਰਪੰਚ ਛਿੰਦਰਪਾਲ ਕੌਰ ਬਰਾੜ ਨੇ ਨਸ਼ਾ ਪੀੜਤ ਨੌਜਵਾਨਾਂ ਨੂੰ ਇਲਾਜ ਲਈ ਦਾਖਲ ਕਰਵਾਉਣ ਸਬੰਧੀ ਵਿਚਾਰ ਚਰਚਾ ਕਰਦਿਆਂ ਜਲਦ ਹੀ ਪਿੰਡ ਵਿੱਚ ਨਸ਼ਾ ਵਿਰੋਧੀ ਕਮੇਟੀ ਗਠਿਤ ਕਰਕੇ ਸਰਗਰਮੀਆਂ ਤੇਜ ਕਰਨ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਪੰਚਾਇਤ ਮੈਂਬਰ ਜੰਗੀਰ ਸਿੰਘ,ਸੁਰਿੰਦਰ ਸਿੰਘ,ਕੁਲਵਿੰਦਰ ਕੌਰ ਅਤੇ ਜਗਮੀਤ ਕੌਰ ਹਾਜਰ ਸਨ।