ਅਹਿਮ ਖ਼ਬਰ – ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਨੇ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਡਿਪੂਆਂ ਦੀ ਕੀਤੀ ਚੈਕਿੰਗ
ਕਿਹਾ, ਨੈਸ਼ਨਲ ਫੂਡ ਸਕਿਉਰਟੀ ਐਕਟ 2013 ਅਤੇ ਦਿ ਪੰਜਾਬ ਫੂਡ ਸਕਿਉਰਟੀ ਰੂਲਜ 2016 ਦੀ ਇੰਨ ਬਿੰਨ ਪਾਲਣਾ ਨੂੰ ਬਣਾਇਆ ਜਾ ਰਿਹਾ ਹੈ ਯਕੀਨੀ
ਫਰੀਦਕੋਟ, 2 ਮਾਰਚ – (ਪੰਜਾਬ ਡਾਇਰੀ) ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹਾ ਫਰੀਦਕੋਟ ਦੇ ਵੱਖ ਵੱਖ ਸਰਕਾਰੀ ਸਕੂਲਾਂ, ਆਂਗਣਵਾੜੀ ਸੈਟਰਾਂ ਅਤੇ ਡਿਪੂਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਤੋਂ ਪਹਿਲਾਂ ਪੰਜਾਬ ਸਟੇਟ ਫੂਡ ਕਮਿਸ਼ਨਰ ਮੈਂਬਰ ਚੇਨ ਪ੍ਰਕਾਸ਼ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਲਖਵਿੰਦਰ ਸਿੰਘ ਰੰਧਾਵਾ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਰਾਸ਼ਨ ਦੀ ਵੰਡ, ਮਿਡ-ਡੇ-ਮੀਲ, ਆਂਗਣਵਾੜੀ ਸੈਂਟਰਾਂ, ਮਗਨਰੇਗਾ ਆਦਿ ਸਬੰਧੀ ਜਾਣਕਾਰੀ ਲਈ ਅਤੇ ਜ਼ਰੂਰੀ ਨਿਰਦੇਸ਼ ਵੀ ਦਿੱਤੇ।
ਇਸ ਤੋਂ ਬਾਅਦ ਉਨ੍ਹਾ ਨੇ ਪਿੰਡ ਮਹਿਮੂਆਣਾ ਅਤੇ ਡੋਗਰ ਬਸਤੀ ਦਾ ਦੌਰਾ ਕਰਕੇ ਰਾਸ਼ਨ ਡਿਪੂਆਂ ਦੀ ਵੀ ਚੈਕਿੰਗ ਕੀਤੀ । ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸਾਦਿਕ ਅਤੇ ਆਂਗਣਵਾੜੀ ਸੈਂਟਰ ਸਾਦਿਕ, ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਭਾਣਾ ਵਿੱਚ ਸਕੂਲ ਦੀ ਚੈਕਿੰਗ ਕਰਕੇ ਮਿਡ ਡੇ ਮੀਲ ਅਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਖੁਦ ਮਿਡ ਡੇ ਮੀਲ ਦਾ ਖਾਣਾ ਖਾ ਕੇ ਦੇਖਿਆ ਅਤੇ ਇਸ ਦੀ ਗੁਣਵੱਤਾ ਬਰਕਰਾਰ ਰੱਖਣ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਇਸ ਚੈਕਿੰਗ ਦੌਰਾਨ ਜੋ ਖਾਮੀਆਂ ਮੈਂਬਰ ਦੇ ਧਿਆਨ ਵਿੱਚ ਆਈਆਂ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕਰਨ ਦੀਆਂ ਹਦਾਇਤਾਂ ਸਬੰਧਤ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਗਈਆਂ। ਉਨ੍ਹਾਂ ਸ਼ਹਿਰ ਫਰੀਦਕੋਟ ਦੇ ਡੋਗਰ ਬਸਤੀ ਵਿਖੇ ਸਰਕਾਰੀ ਰਾਸ਼ਨ ਲੈਣ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ।
ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਨੈਸ਼ਨਲ ਫੂਡ ਸਕਿਉਰਟੀ ਐਕਟ 2013 ਅਤੇ ਦਿ ਪੰਜਾਬ ਫੂਡ ਸਕਿਉਰਟੀ ਰੂਲਜ 2016 ਨੂੰ ਇੰਨ ਬਿੰਨ ਲਾਗੂ ਕਰਨ ਅਤੇ ਇਸ ਐਕਟ ਤਹਿਤ ਆਮ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਦੇ ਮਕਸਦ ਵਜੋਂ ਸਮੇਂ ਸਮੇਂ ਸਿਰ ਚੈਕਿੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਆਮ ਜਨਤਾ ਨੂੰ ਨੈਸ਼ਨਲ ਫੂਡ ਸਕਿਊਰਿਟੀ ਐਕਟ ਸਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਸਾਰਿਆਂ ਨੂੰ ਫੂਡ ਸਕਿਊਰਿਟੀ ਸਬੰਧੀ ਜਾਣਕਾਰੀ ਹੋ ਸਕੇ।
ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਰਾਸ਼ਨ ਡਿਪੂ, ਸਕੂਲਾਂ ਦੇ ਮਿਡ ਡੇ ਮੀਲ ਅਤੇ ਆਂਗਣਵਾੜੀ ਕੇਂਦਰਾਂ ਸਬੰਧੀ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਉਹ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਜ਼ਿਲ੍ਹਾ ਸ਼ਿਕਾਇਤ ਨਿਵਾਰਣ ਅਫਸਰ ਕੋਲ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕਮਿਸ਼ਨ ਦੀ ਵੈਬਸਾਈਟ ਤੇ ਵੀ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਨਾਲ ਹੈਲਪਲਾਈਨ ਨੰਬਰ 98767-64545 ਤੇ ਵੀ ਸ਼ਿਕਾਇਤ ਭੇਜੀ ਜਾ ਸਕਦੀ ਹੈ।
ਇਸ ਮੌਕੇ ਫੂਡ ਸੇਫਟੀ ਅਫਸਰ ਡਾ. ਅਮਿਤ ਜੋਸ਼ੀ, ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਵਨ ਕੁਮਾਰ, ਏ.ਐਫ.ਐਸ.ਓ ਗੁਰਚਰਨ ਪਾਲ ਸੁਪਰਡੈਂਟ ਪ੍ਰਭਚਰਨ ਸਿੰਘ, ਏ.ਪੀ.ਓ ਵਿਨੈ ਕੁਮਾਰ, ਨਵਤੇਜ ਸਿੰਘ ਤੇ ਹੋਰ ਹਾਜ਼ਰ ਸਨ।