ਅਹਿਮ ਖ਼ਬਰ – ਭਾਈ ਘਨੱਈਆ ਸੇਵਾ ਸੁਸਾਇਟੀ ਨੇ 12 ਕੈਂਸਰ ਪੀੜਤਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ
ਬਤੌਰ ਮੁੱਖ ਮਹਿਮਾਨ ਪੁੱਜੇ ਸਪੀਕਰ ਸੰਧਵਾਂ ਨੇ ਸੁਸਾਇਟੀ ਦੇ ਉਪਰਾਲਿਆਂ ਦੀ ਕੀਤੀ ਪ੍ਰਸੰਸਾ
ਫਰੀਦਕੋਟ, 31 ਮਾਰਚ – (ਪੰਜਾਬ ਡਾਇਰੀ) :- ਮਨੁੱਖਤਾ ਅਤੇ ਵਾਤਾਵਰਨ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ 12 ਲੋੜਵੰਦ ਕੈਂਸਰ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਰਾਸ਼ੀ ਦਿੱਤੀ ਗਈ। ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਰੱਖੇ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੀਨੀਅਰ ਮੀਤ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਇਸ ਮੌਕੇ ਉਨ੍ਹਾਂ ਸੁਸਾਇਟੀ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਰਲ-ਮਿਲ ਕੇ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਮੰਨਿਆ ਕਿ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦਾ ਵੀ ਸਿਹਤ ਤੰਦਰੁਸਤੀ, ਪਾਣੀ ਦੀ ਬੱਚਤ ਅਤੇ ਵਾਤਾਵਰਣ ਦੀ ਸੰਭਾਲ ਅਰਥਾਤ ਸ਼ੁੱਧ ਹਵਾ-ਪਾਣੀ ਵਾਲਾ ਏਜੰਡਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣਾ ਵੀ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਸਾਨੂੰ ਰਲ-ਮਿਲ ਕੇ ਜਹਿਰੀਲੇ ਹੋ ਰਹੇ ਧਰਤੀ, ਹਵਾ ਅਤੇ ਪਾਣੀ ਨੂੰ ਬਚਾਉਣ ਲਈ ਵੀ ਕਾਰਜ ਜਾਰੀ ਰੱਖਣੇ ਚਾਹੀਦੇ ਹਨ। ਮੱਘਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਮਰੀਜ਼ ਫਰੀਦਕੋਟ, ਬਠਿੰਡਾ, ਸੰਗਰੂਰ, ਬਰਨਾਲਾ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਲੁਧਿਆਣਾ ਅਤੇ ਮੁਕਤਸਰ ਸਾਹਿਬ ਆਦਿ ਜਿਲਿਆਂ ਨਾਲ ਸਬੰਧਤ ਹਨ, ਇਹ ਸਾਰੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਜੇਰੇ ਇਲਾਜ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਵਿੰਦਰ ਸਿੰਘ ਮਰਵਾਹ, ਹਰੀਸ਼ ਵਰਮਾ, ਯਾਦਵਿੰਦਰ ਸਿੰਘ ਏ.ਡੀ.ਓ., ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਗੁਰਪ੍ਰੀਤ ਸਿੰਘ ਮਾਨ ਮੌੜ, ਹਰਜੀਤ ਸਿੰਘ, ਮਨਦੀਪ ਸਿੰਘ, ਜਸਕਰਨ ਸਿੰਘ ਆਦਿ ਵੀ ਹਾਜਰ ਸਨ।