ਅਹਿਮ ਖ਼ਬਰ – ਮੁਹੰਮਦ ਸਦੀਕ ਦਾ ਘੁਗਿਆਣਾ ਵਿਖੇ ਹੋਇਆ ਸਨਮਾਨ।
ਫਰੀਦਕੋਟ, 9 ਮਾਰਚ – (ਪੰਜਾਬ ਡਾਇਰੀ) ਉਘੇ ਪੰਜਾਬੀ ਗਾਇਕ ਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਬੀਤੇ ਦਿਨ ਪਿੰਡ ਘੁਗਿਆਣਾ ਵਿਖੇ ਸ਼ਰੋਮਣੀ ਲੇਖਕ ਤੇ ਮਹਾਂਰਾਸ਼ਟਰ ਵਿਖੇ ਕੇਂਦਰੀ ਯੂਨੀਵਰਸਿਟੀ ਵਰਧਾ ਦੇ ਰਾਈਟਰ ਪ੍ਰੋਫੈਸਰ ਵਜੋਂ ਨਿਯੁਕਤ ਹੋਏ ਨਿੰਦਰ ਘੁਗਿਆਣਵੀ ਦੇ ਗ੍ਰਹਿ ‘ਲੇਖਕ ਭਵਨ’ ਵਿਖੇ ਫੇਰੀ ਪਾਈ। ਇਸ ਮੌਕੇ ਲੇਖਕ ਘੁਗਿਆਣਵੀ ਖੁਦ ਭਾਵੇਂ ਹਾਜਰ ਨਹੀ ਹੋ ਸਕੇ ਪਰ ਮਹੁੰਮਦ ਸਦੀਕ ਦਾ ਉਨਾਂ ਦੇ ਪਰਿਵਾਰਕ ਮੈਂਬਰਾਂ ਤੇ ਨਗਰ ਪੰਚਾਇਤ ਨੇ ਨਿੱਘਾ ਸੁਆਗਤ ਕੀਤਾ। ਸ਼੍ਰੀ ਸਦੀਕ ਨੇ ਇਸ ਮੌਕੇ ਪੁਰਾਣੀਆਂ ਯਾਦਾਂ ਤਾਜਾ ਕਰਦਿਆਂ ਆਖਿਆ ਕਿ ਉਹ ਨਿੰਦਰ ਘੁਗਿਆਣਵੀ ਦੀਆਂ ਸਭਿਆਚਾਰ ਤੇ ਸਾਹਿਤ ਬਾਰੇ ਰਚੀਆਂ ਲਿਖਤਾਂ ਦੇ ਦੇਰ ਤੋਂ ਪ੍ਰਸ਼ੰਸਕ ਹਨ ਤੇ ਉਨਾਂ ਨਾਲ ਨੇੜਤਾ ਭਰੀ ਚਿਰੋਕੀ ਸਾਂਝ ਹੈ। ਉਨਾਂ ਕਿਹਾ ਕਿ ‘ਜੱਜ ਦੇ ਅਰਦਲੀ’ ਵਰਗੀ ਰਚਨਾ ਨੇ ਬਹੁਤ ਮਾਣ ਤੇ ਮਸ਼ਹੂਰੀ ਦਿੱਤੀ ਹੈ। ਸ੍ਰੀ ਸਦੀਕ ਨੇ ਘਰ ਵਿਚ ਬਣਾਏ ਲੇਖਕ ਭਵਨ ਨੂੰ ਗਹੁ ਨਾਲ ਦੇਖਿਆ। ਇਸ ਮੌਕੇ ਲੇਖਕ ਦੇ ਮਾਤਾ ਸ਼੍ਰੀ ਮਤੀ ਰੂਪ ਰਾਣੀ ਵੱਲੋਂ ਮਹੁੰਮਦ ਸਦੀਕ ਨੂੰ ਫੁਲਕਾਰੀ ਤੇ ਕਿਤਾਬਾਂ ਦੇ ਤੁਹਫੇ ਭੇਟ ਕਰਕੇ ਸਨਮਾਨਿਆ ਗਿਆ। ਪਿੰਡ ਦੇ ਮੌਜੂਦਾ ਸਰਪੰਚ ਬਲਵੰਤ ਸਿੰਘ ਨੇ ਪਿੰਡ ਦੀਆਂ ਮੁੱਖ ਸਮੱਸਿਆਵਾਂ ਬਾਰੇ ਸੰਸਦ ਮੈਂਬਰ ਨੂੰ ਜਾਣੂੰ ਕਰਵਾਉਂਦਿਆਂ ਪਿੰਡ ਦੇ ਸ਼ਮਸ਼ਾਨਘਾਟ ਦੀ ਵਿਗੜੀ ਹਾਲਤ ਸੁਧਾਰਨ ਵਾਸਤੇ ਸਹਿਯੋਗ ਦੀ ਮੰਗ ਕੀਤੀ ਤੇ ਸਦੀਕ ਨੇ ਇਸ ਵਾਸਤੇ ਢੁਕਵੀਂ ਫੰਡ ਦੇਣ ਦਾ ਵਾਇਦਾ ਕੀਤਾ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਨੇ ਮੁਹੰਮਦ ਸਦੀਕ ਵਲੋਂ ਲੋਕ ਸੰਗੀਤ ਦੇ ਖੇਤਰ ਵਿਚ ਦਿੱਤੇ ਭਰਵੇਂ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਸਮੇਂ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਦਿਆਲ ਚੰਦ,ਸੂਰਜ ਭਾਰਦਵਾਜ ਤੇ ਗਣੇਸ਼ ਰਾਮ ਸਮੇਤ ਹੋਰ ਪਤਵੰਤੇ ਸੱਜਣ ਹਾਜਰ ਸਨ।