ਅਹਿਮ ਖ਼ਬਰ – ਰਾਜਸਥਾਨ ਫੀਡਰ ਤੇ ਸਰਹਿੰਦ ਫੀਡਰ ਨਹਿਰਾਂ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਕੰਮ ਨੂੰ ਸਰਕਾਰ ਵੱਲੋ ਰੋਕ ਦੇਣ ਦਾ ਫੈਸਲਾ, ਲੋਕਾਂ ਦੀ ਜਿੱਤ ਦਾ ਐਲਾਨ
ਚੰਡੀਗੜ੍ਹ, 22 ਅਪ੍ਰੈਲ – (ਪੰਜਾਬ ਡਾਇਰੀ) ਕਿਰਤੀ ਕਿਸਾਨ ਯੂਨੀਅਨ ਨੇ ਰਾਜਸਥਾਨ ਫੀਡਰ ਤੇ ਸਰਹਿੰਦ ਫੀਡਰ ਨਹਿਰਾਂ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਕੰਮ ਨੂੰ ਸਰਕਾਰ ਵੱਲੋ ਰੋਕ ਦੇਣ ਦੇ ਫੈਸਲੇ ਨੂੰ ਲੋਕਾਂ ਦੀ ਜਿੱਤ ਐਲਾਨ ਦਿਆਂ ਇਸ ਪ੍ਰਾਜੈਕਟ ਮੁੱਢੋ ਰੱਦ ਕਰਨ ਤੇ ਹਰ ਖੇਤ ਤੱਕ ਨਹਿਰੀ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿਸਾਨ ਜਥੇਬੰਦੀਆਂ ਤੇ ਫਰੀਦਕੋਟ ਦੇ ਸ਼ਹਿਰੀ ਜਲ ਜੀਵਨ ਬਚਾਓ ਮੋਰਚਾ ਬਣਾ ਕੇ ਨਹਿਰਾਂ ਪੱਕੀਆਂ ਕਰਨ ਦੇ ਖਿਲਾਫ ਪਿਛਲੇ ਇੱਕ ਸਾਲ ਤੋ ਸੰਘਰਸ਼ ਕਰ ਰਹੇ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਪੰਜਾਬ ਦੇ ਹਜਾਰਾਂ ਪਿੰਡ ਨਹਿਰਾਂ ਦਾ ਧਰਤੀ ਹੇਠ ਸਿੰਮਣ ਕਰਕੇ ਪੀਣਯੋਗ ਤੇ ਸਿੰਚਾਈ ਲਈ ਟਿਓੂਬਵੈਲਾ ਦਾ ਬਿਹਤਰ ਗੁਣਵੱਤਾ ਵਾਲਾ ਪਾਣੀ ਲੈਣ ਦੇ ਕਾਬਲ ਨੇ ਜੇਕਰ ਕੰਕਰੀਟ ਨਾਲ ਨਹਿਰਾਂ ਪੱਕੀਆਂ ਹੁੰਦੀਆਂ ਤਾਂ ਲੋਕ ਚੰਗੇ ਪਾਣੀ ਤੋ ਵਾਂਝੇ ਹੋ ਜਾਣੇ ਸਨ।ਇਸੇ ਕਰਕੇ ਨਹਿਰਾਂ ਪੱਕੀਆਂ ਨਾ ਹੋਣਾ ਅਹਿਮ ਪ੍ਰਾਪਤੀ ਹੈ।
ਕਿਸਾਨ ਆਗੂ ਨੇ ਕਿਹਾ ਕੇ ਪੰਜਾਬ ਚ ਪਾਣੀ ਦਾ ਸੰਕਟ ਬਹੁਤ ਗੰਭੀਰ ਹੋ ਚੁੱਕਾ ਹੈ।ਧਰਤੀ ਹੇਠਲਾ ਖਤਮ ਹੋਣ ਪਾਸੇ ਵਧ ਰਿਹਾ ਅਜਿਹੇ ਹਾਲਾਤ ਚ ਧਰਤੀ ਚੋ ਪਾਣੀ ਕੱਢਣ ਦੀ ਨਹੀ ਪਾਣੀ ਪਾਓੁਣ ਦੀ ਜਰੂਰਤ ਹੈ।ਇਹ ਤਾਂ ਹੀ ਸੰਭਵ ਹੈ,ਜਦੋਂ ਹਰ ਖੇਤ ਤੱਕ ਸਾਰਾ ਸਾਲ ਨਹਿਰੀ ਪਾਣੀ ਪਹੁੰਚੇ ਤੇ ਕਿਸਾਨਾਂ ਨੂੰ ਟਿਓੂਬਵੈਲ ਨਾ ਚਲਾਉਣੇ ਪੈਣ।
ਕਿਸਾਨ ਆਗੂ ਨੇ ਕਿਹਾ ਕੇ ਪਾਣੀ ਸੰਕਟ ਦੇ ਹੱਲ ਲਈ ਕਿਰਤੀ ਕਿਸਾਨ ਯੂਨੀਅਨ ਵੱਲੋ ਚਲਾਇਆ ਜਾ ਰਿਹਾ ਸੰਘਰਸ਼ ਜਾਰੀ ਰਹੇਗਾ।ਜਥੇਬੰਦੀ ਵੱਲੋ ਜਦੋਂ ਤੱਕ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕਰਨ ਤੇ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣਯੋਗ ਪਾਣੀ ਪਹੁੰਚਾਓੁਣ ਦਾ ਕੰਮ ਨਹੀ ਕੀਤਾ ਜਾਂਦਾ ਓੁਦੋ ਤੱਕ ਪਾਣੀ ਦਾ ਮਸਲਾ ਹੱਲ ਨਹੀ ਮੰਨਿਆ ਜਾ ਸਕਦਾ।ਓੁਹਨਾਂ ਕਿਹਾ ਕੇ ਮਾਨ ਸਰਕਾਰ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਹੈ ਤੇ ਦਰਿਆਈ ਪਾਣੀਆਂ ਤੇ ਪੰਜਾਬ ਦੇ ਹੱਕ ਲਈ ਲੜ੍ਹਾਈ ਲੜਨੀ ਚਾਹੀਦੀ ਹੈ।ਪਰ ਮਾਨ ਸਰਕਾਰ ਇਸ ਪਾਸੇ ਕੋਈ ਯਤਨ ਨਹੀ ਕਰ ਰਹੀ ਮਾਨ ਸਰਕਾਰ ਨੂੰ ਵਾਰ ਵਾਰ ਕਹਿਣ ਤੇ ਵੀ ਸਰਕਾਰ ਨੇ ਡੈਮ ਸੇਫਟੀ ਐਕਟ ਖਿਲਾਫ ਵਿਧਾਨ ਸਭਾ ਚ ਮਤਾ ਨਹੀ ਪਾਇਆ।ਜਦਕਿ ਪਾਣੀ ਸਮੇਤ ਡੈਮ ਵੀ ਸੂਬਿਆਂ ਦਾ ਅਧਿਕਾਰ ਹੈ ਤੇ ਕੇਦਰ ਨੂੰ ਡੈਮ ਸੇਫਟੀ ਐਕਟ ਬਨਾਉਣ ਦਾ ਅਧਿਕਾਰ ਨਹੀ ਹੈ।
ਪਰ ਕੇਦਰ ਨੇ ਸਾਰੇ ਡੈਮਾਂ ਤੇ ਕਬਜਾ ਕਰ ਲਿਆ ਹੈ ਤੇ ਸੂਬਾ ਸਰਕਾਰਾਂ ਚੁੱਪ ਨੇ।ਓੁਹਨਾਂ ਕਿਹਾ ਦੂਜੇ ਸੂਬਿਆਂ ਨੂੰ ਜਾ ਰਹੇ ਪਾਣੀਆਂ ਦੀ ਰਾਇਲਟੀ ਲੈਣ ਸਮੇਤ ਪਾਣੀਆਂ ਨੂੰ ਜਹਿਰੀਲਾ ਕਰਨ ਵਾਲੇ ਓੁਦਯੋਗਾਂ ਖਿਲਾਫ ਸਖਤ ਕਾਰਵਾਈ ਦੀ ਜਰੂਰਤ ਹੈ।ਕਿਰਤੀ ਕਿਸਾਨ ਯੂਨੀਅਨ ਨੇ ਸਮੂਹ ਪੰਜਾਬੀਆਂ ਨੂੰ ਪਾਣੀਆਂ ਦੇ ਸਮੁੱਚੇ ਹੱਲ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਣ ਦਾ ਸੱਦਾ ਦਿੱਤਾ ਹੈ।
ਜਾਰੀ ਕਰਤਾ:-
ਰਜਿੰਦਰ ਸਿੰਘ ਦੀਪ ਸਿੰਘ ਵਾਲਾ
84279 82567