ਅਹਿਮ ਖ਼ਬਰ – ਸ੍ਰੀ ਅਨੰਦਪੁਰ ਸਾਹਿਬ ਤੋਂ ਪਹਿਲਾਂ ਵਾਲੇ ਲੀਡਰ ਬਾਦਲ-ਕੈਪਟਨ ਹਵਾ ‘ਚ ਗੱਲਾਂ ਕਰਦੇ ਰਹੇ, ਉਹ ਜ਼ਮੀਨੀ ਹਕੀਕਤ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸਨ – ਸੀਐਮ ਮਾਨ
ਚੰਡੀਗੜ੍ਹ, 12 ਅਪ੍ਰੈਲ – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਜਾਇਬ ਘਰ ਦੇ ਉਦਘਾਟਨ ਸਮਾਗਮ ਮੌਕੇ ਖ਼ਾਲਸੇ ਦੀ ਧਰਤੀ ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਪਹਿਲਾਂ ਵਾਲੇ ਲੀਡਰ ਬਾਦਲ-ਕੈਪਟਨ ਹਵਾ ‘ਚ ਗੱਲਾਂ ਕਰਦੇ ਰਹੇ, ਉਹ ਜ਼ਮੀਨੀ ਹਕੀਕਤ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸਨ, ਤਾਹੀਓਂ ਲੋਕਾਂ ਦੀ ਲੁੱਟ ਜਾਰੀ ਰਹੀ ਅਤੇ ਹੁਣ ਕੰਮ ਉਲਟਾ ਹੈ । ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ, ਤਾਂ ਲੋਕਾਂ ਦੇ ਪੈਸੇ ਦੀ ਲੁੱਟ ਬਿਲਕੁੱਲ ਬੰਦ ਕਰ ਦੇਵਾਂਗੇ ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬ ਬਾਰੇ ਕੱਖ ਨੀ ਪਤਾ ਇਹਨਾਂ ਨੇ ਪੰਜਾਬ ਦਾ ਕੀ ਸੰਵਾਰਨਾ ਸੀ, ਨਾ ਇਹਨਾਂ ਨੂੰ ਪੰਜਾਬ ਨਾਲ ਲਗਾਅ ਹੈ ਨਾ ਪੰਜਾਬੀਆਂ ਨਾਲ ।
ਸੀਐਮ ਮਾਨ ਨੇ ਦੱਸਿਆ ਕਿ ਗੁਰੂ ਸਹਿਬਾਨਾਂ ਦੇ ਨਾਮ ‘ਤੇ ਕੋਈ ਵਿਰਾਸਤ ਬਣਨੀ ਹੋਵੇ ਤੇ ਮੈਂ ਕਦੇ ਹਾਮੀ ਨਾ ਭਰਾਂ ਤਾਂ ਅਜਿਹਾ ਕਦੇ ਨਹੀਂ ਹੋਵੇਗਾ, ਸਾਡੇ ਗੁਰੂਆਂ ਕਰਕੇ ਅਸੀਂ ਆਜ਼ਾਦ ਫਿਜ਼ਾ ‘ਚ ਸਾਹ ਲੈ ਰਹੇ ਹਾਂ ਤੇ ਜੋ ਵੀ ਹਾਂ ਅੱਜ ਉਹਨਾਂ ਦੀ ਬਖ਼ਸ਼ਿਸ਼ ਹੈ । ਅਸੀਂ ਕਦੇ ਵੀ ਆਪਣੇ ਗੁਰੂ ਸਹਿਬਾਨਾਂ ਤੋਂ ਬੇਮੁੱਖ ਹੋਣ ਬਾਰੇ ਸੋਚ ਵੀ ਨਹੀਂ ਸਕਦੇ ।
ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ‘ਚ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਨੂੰ ਸੈਰ-ਸਪਾਟੇ ਵਜੋਂ ਪੂਰਨ ਤੌਰ ‘ਤੇ ਵਿਕਸਿਤ ਕਰ ਦੇਵਾਂਗੇ । ਅਸੀਂ ਚਾਹੁੰਦੇ ਹਾਂ ਪਹਾੜਾਂ ਵੱਲ ਆਉਣ ਜਾਣ ਵਾਲੇ ਸੈਲਾਨੀ ਇਸ ਧਰਤੀ ‘ਤੇ ਰੁੱਕ ਕੇ ਜਾਣ ।