ਅੰਮ੍ਰਿਤਸਰ ’ਚ ਚੱਲੀਆਂ ਗੋਲ਼ੀਆਂ, ਬਦਮਾਸ਼ 70 ਹਜ਼ਾਰ ਦੀ ਨਕਦੀ ਲੈ ਹੋਏ ਫ਼ਰਾਰ
ਅੰਮ੍ਰਿਤਸਰ, 13 ਅਪ੍ਰੈਲ (ਰੋਜਾਨਾ ਸਪੋਕਸਮੈਨ)- ਅੰਮ੍ਰਿਤਸਰ ’ਚ ਸ਼ੁੱਕਰਵਾਰ ਰਾਤ ਨੂੰ ਫਿਰ ਗੋਲ਼ੀਆਂ ਚਲਾਈਆਂ ਗਈਆਂ ਅਤੇ ਦੋ ਨੌਜਵਾਨਾਂ ਤੋਂ 70 ਹਜ਼ਾਰ ਰੁਪਏ ਖੋਹ ਲਏ ਗਏ। ਬਦਮਾਸ਼ਾਂ ਵੱਲੋਂ ਚਲਾਈਆਂ ਗੋਲ਼ੀਆਂ ਤੋਂ ਨੌਜਵਾਨ ਵਾਲ-ਵਾਲ ਬਚ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ’ਚ ਦੇਰ ਰਾਤ ਗੋਲ਼ੀਬਾਰੀ ਦੀ ਘਟਨਾ ਵਾਪਰੀ ਹੈ। ਪੀੜਤ ਸੁਰਿੰਦਰ ਸਿੰਘ ਅਤੇ ਹਰਦੀਪ ਸਿੰਘ ਕਰਿਆਨੇ ਦਾ ਸਾਮਾਨ ਲੈ ਕੇ ਅਤੇ ਪੈਸੇ ਵਸੂਲ ਕੇ ਫੋਕਲ ਪੁਆਇੰਟ ਵੱਲ ਜਾ ਰਹੇ ਸਨ। ਉਦੋਂ ਪਲਸਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਲੁੱਟ ਦੀ ਨੀਅਤ ਨਾਲ ਗੋਲ਼ੀਆਂ ਚਲਾ ਦਿੱਤੀਆਂ। ਪਹਿਲਾਂ ਦੋ ਹਵਾਈ ਗੋਲ਼ੀਆਂ ਚਲਾਈਆਂ ਗਈਆਂ ਅਤੇ ਫਿਰ ਇਕ ਗੋਲ਼ੀ ਸਿੱਧੀ ਗੱਡੀ ਦੇ ਸ਼ੀਸ਼ੇ ਵਿਚੋਂ ਲੰਘੀ। ਡਰਾਈਵਰ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਉਸ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ।
ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਪੈਸੇ ਵਸੂਲਣ ਲਈ ਆ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦਾ ਪੈਸਿਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ ਅਤੇ ਫ਼ਰਾਰ ਹੋ ਗਏ, ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
ਮੌਕੇ ’ਤੇ ਪਹੁੰਚੇ ਲੋਕਾਂ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਸਿਰ ’ਤੇ ਹਨ ਅਤੇ ਅਰਧ ਸੈਨਿਕ ਬਲ ਅਤੇ ਪੰਜਾਬ ਪੁਲਿਸ ਦਿਨ-ਰਾਤ ਸ਼ਹਿਰ ’ਚ ਗਸ਼ਤ ਕਰ ਰਹੀ ਹੈ ਪਰ ਫਿਰ ਵੀ ਲੁਟੇਰੇ ਬਿਨਾਂ ਕਿਸੇ ਡਰ ਦੇ ਸੜਕਾਂ ’ਤੇ ਘੁੰਮ ਰਹੇ ਹਨ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹੁਣ ਸਖ਼ਤੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ।