ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਮੰਗ ਪੱਤਰ ਦਿੱਤਾ
ਬਠਿੰਡਾ 25 ਮਾਰਚ (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਵੱਲੋਂ ਅੱਜ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਨੂੰ ਮਿਲ ਕੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ 4 ਸਾਲਾਂ ਤੋਂ ਖਾਲੀ ਪਈਆਂ ਹਜ਼ਾਰਾਂ ਆਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ, ਕਿਉਂਕਿ ਵਰਕਰਾਂ ਤੇ ਹੈਲਪਰਾਂ ਤੋਂ ਬਿਨਾਂ ਆਂਗਣਵਾੜੀ ਸੈਂਟਰ ਚਲਾਉਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਵਰਕਰਾਂ ਆਪਣੇ ਨਿਗੂਣੇ ਮਾਣ ਭੱਤੇ ਵਿਚੋਂ ਪੱਲਿਉਂ ਪੈਸੇ ਖ਼ਰਚ ਕੇ ਕੰਮ ਚਲਾ ਰਹੀਆਂ ਹਨ। ਆਂਗਣਵਾੜੀ ਸੈਂਟਰਾਂ ਵਿਚੋਂ 2017 ਦੇ ਖੋਹੇ ਹੋਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ ਤੇ ਵਰਕਰਾਂ ਨੂੰ ਪ੍ਰੀ ਨਰਸਰੀ ਅਧਿਆਪਕ ਦਾ ਦਰਜਾ ਦਿੱਤਾ ਜਾਵੇ। ਜਿੰਨਾ ਚਿਰ ਇਹ ਸੰਭਵ ਨਹੀਂ ਹੈ ਉਹਨਾਂ ਚਿਰ ਆਪ ਜੀ ਦੀ ਪਾਰਟੀ ਦੇ ਚੋਣ ਵਾਅਦੇ ਅਨੁਸਾਰ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਦੁੱਗਣਾ ਦਿੱਤਾ ਜਾਵੇ। ਇਸ ਮੌਕੇ ਰੂਪ ਰਾਣੀ, ਨਵਜੋਤ ਕੌਰ, ਬਲਜੀਤ ਕੌਰ, ਇੰਦੂ ਬਾਲਾ, ਵੀਰਪਾਲ ਕੌਰ ਆਦਿ ਆਗੂ ਹਾਜ਼ਰ ਸਨ।