‘ਆਪ’ ਵੱਲੋਂ ਬਹਿਬਲ ਗੋਲੀ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦੇਣ ਦਾ ਭਰੋਸਾ
ਧਰਨੇ ‘ਤੇ ਪੀੜਤ ਪਰਿਵਾਰਾਂ ਨੂੰ ਮਿਲੇ ਗੁਰਦਿੱਤ ਸਿੰਘ ਸੇਖੋਂ
ਫ਼ਰੀਦਕੋਟ 19 ਮਾਰਚ – (ਪ੍ਰਸ਼ੋਤਮ ਕੁਮਾਰ) – ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਬਹਿਬਲ ਗੋਲੀ ਕਾਂਡ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਬਹਿਬਲ ਗੋਲੀ ਕਾਂਡ ਮਾਮਲੇ ਵਿੱਚ ਸਰਕਾਰ ਆਪਣਾ ਰਾਜ ਧਰਮ ਨਿਭਾਏਗੀ। ਬਹਿਬਲ ਗੋਲੀ ਕਾਂਡ ਵਾਲੀ ਥਾਂ ‘ਤੇ ਧਰਨੇ ਉਪਰ ਬੈਠੇ ਸੁਖਰਾਜ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਗੁਰਦਾਸ ਸਿੰਘ ਸੇਖੋਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਇਕ ਦਰਜਨ ਮੁਲਜ਼ਮਾਂ ਖ਼ਿਲਾਫ਼ ਚਲਾਨ ਪਹਿਲਾਂ ਹੀ ਅਦਾਲਤ ਵਿੱਚ ਪੇਸ਼ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਅਦਾਲਤੀ ਪ੍ਰਕਿਰਿਆ ਨੂੰ ਲਮਕਾਇਆ ਨਾ ਜਾਵੇ ਅਤੇ ਮੁਕੱਦਮੇ ਦਾ ਕਾਨੂੰਨ ਅਨੁਸਾਰ ਜਲਦ ਫ਼ੈਸਲਾ ਹੋਵੇ। ਸਾਬਕਾ ਸਾਂਸਦ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਮਾਲਵੇ ਦੀਆਂ 69 ਸੀਟਾਂ ਵਿੱਚੋਂ 66 ਸੀਟਾਂ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਮਾਮਲਿਆਂ ਨੂੰ ਸਰਕਾਰ ਬਿਨਾਂ ਦੇਰੀ ਨਿਯਮਾਂ ਅਨੁਸਾਰ ਨਜਿੱਠੇਗੀ। ਫ਼ਰੀਦਕੋਟ ਦੇ ਵਿਧਾਇਕ ਗੁਰਕੀਰਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਨੇ ਇਸ ਮਾਮਲੇ ਵਿੱਚ ਪੀੜਤਾਂ ਨੂੰ ਇਨਸਾਫ ਦੇਣ ਦੀ ਥਾਂ ਸਿਆਸਤ ਕੀਤੀ ਹੈ। ਇਸੇ ਕਰਕੇ ਘਟਨਾ ਤੋਂ ਸੱਤ ਸਾਲ ਬਾਅਦ ਵੀ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਸੰਵੇਦਨਸ਼ੀਲ ਮੁੱਦੇ ਉਪਰ ਸਿਆਸਤ ਕਰਨ ਦੀ ਥਾਂ ਲੋਕਾਂ ਨੂੰ ਇਨਸਾਫ਼ ਦੇ ਕੇ ਮਿਸਾਲ ਕਾਇਮ ਕਰੇਗੀ। ਬਹਿਬਲ ਗੋਲੀ ਕਾਂਡ ਦੀ ਸੁਣਵਾਈ ਲਟਕਣ ਦੇ ਰੋਸ ਵਜੋਂ ਪੀੜਤ ਪਰਿਵਾਰ ਪਿਛਲੇ ਚਾਰ ਮਹੀਨਿਆਂ ਤੋਂ ਗੋਲੀ ਕਾਂਡ ਵਾਲੀ ਥਾਂ ‘ਤੇ ਧਰਨੇ ਉੱਪਰ ਬੈਠਾ ਹੋਇਆ ਹੈ। ਪੀੜਤ ਪਰਿਵਾਰ ਨੇ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦਾ ਬਾਈਕਾਟ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਸੀ।
ਕੈਪਸ਼ਨ: 19ਐਫਡੀਕੇ01- ਬਹਿਬਲ ਗੋਲੀ ਕਾਂਡ ਦੇ ਪੀੜਤਾਂ ਨੂੰ ਮਿਲਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ।