ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਰਵਾਈ ਜਾ ਰਹੀ ਹੈ ਮੁਫਤ ਕੋਚਿੰਗ
ਫਰੀਦਕੋਟ , 25 ਮਈ – ( ਪੰਜਾਬ ਡਾਇਰੀ ) ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਰੀਦਕੋਟ ਵਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ/ਵਿਗਿਆਪਤ ਹੋਣ ਵਾਲੀਆਂ ਅਸਾਮੀਆਂ ਦੀ ਤਿਆਰੀ ਲਈ ਬਿਲਕੁਲ ਮੁਫਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਆਨਲਾਈਨ ਕੋਚਿੰਗ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨਾ ਹੈ ਤਾਂ ਜੋ ਉਹ ਆਪਣੇ ਆਰਥਿਕ-ਪੱਧਰ ਨੂੰ ਉੱਚਾ ਚੁੱਕ ਸਕਣ। ਇਹ ਜਾਣਕਾਰੀ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਫਰੀਦਕੋਟ ਸ. ਹਰਮੇਸ਼ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਜੋ ਸਰਕਾਰੀ/ਗੈਰ ਸਰਕਾਰੀ/ਅਰਧ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰਨ ਲਈ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ/ਕੋਚਿੰਗ ਕਰਨਾ ਚਾਹੁੰਦੇ ਹਨ, ਉਹ ਆਪਣੇ ਆਪ ਨੂੰ ਜਲਦ ਤੋਂ ਜਲਦ ਇਸ https://www.eduzphere.com/freegovtexams ਲਿੰਕ ਉੱਤੇ ਰਜਿਸਟਰੇਸ਼ਨ ਕਰਨ। ਰਜਿਸਟ੍ਰੇਸ਼ਨ ਕਰਨ ਲਈ ਪ੍ਰਾਰਥੀ ਘੱਟੋ-ਘੱਟ 12ਵੀਂ ਪਾਸ ਹੋਵੇ। ਲਿੰਕ ਤੇ ਰਜਿਸਟ੍ਰੇਸ਼ਨ ਕਰਦੇ ਸਮੇਂ ਆਧਾਰ-ਕਾਰਡ, ਦਸਵੀਂ ਦੇ ਸਰਟੀਫਿਕੇਟ ਫੋਟੋ ਅਤੇ ਉਚੇਰੀ ਸਿੱਖਿਆ ਦੇ ਸਰਟੀਫਿਕੇਟ ਦੀ ਫੋਟੋ ਵੀ ਅਪਲੋਡ ਕਰਨਾ ਜਰੂਰੀ ਹੈ।
ਇਸ ਤੋਂ ਇਲਾਵਾ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਫਰੀਦਕੋਟ ਨੇ ਦੱਸਿਆ ਕਿ ਜਿਹੜੇ ਪ੍ਰਾਰਥੀਆਂ ਆਰਥਿਕ ਤੌਰ ਤੇ ਕਮਜੋਰ ਹਨ (ਕੋਚਿੰਗ ਲੈਣ ਲਈ ਫੀਸ ਨਹੀਂ ਭਰ ਸਕਦੇ) ਉਨ੍ਹਾਂ ਪ੍ਰਾਰਥੀਆਂ ਲਈ ਮੁਫਤ ਕੋਚਿੰਗ ਲੈਣ ਦਾ ਸੁਨਹਿਰੀ ਮੌਕਾ ਹੈ। ਜਿਲ੍ਹੇ ਦੇ ਵੱਧ ਤੋਂ ਵੱਧ ਬੇਰੁਜ਼ਗਾਰ ਪ੍ਰਾਰਥੀ ਆਪਣੇ ਆਪ ਨੂੰ ਉੱਪਰ ਦਿੱਤੇ ਲਿੰਕ ਤੇ ਰਜਿਸਟਰ ਕਰਨ ਅਤੇ ਜ਼ੋ ਪ੍ਰਾਰਥੀ ਆਪਣੇ ਆਪ ਰਜਿਸਟ੍ਰੇਸ਼ਨ ਨਹੀਂ ਕਰ ਸਕਦੇ, ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਲਵੰਡੀ ਰੋਡ, ਨੇੜੇ ਸੰਧੂ ਪੈਲਸ, ਰੈੱਡ ਕਰਾਸ ਭਵਨ ਦੀ ਪਹਿਲੀ ਮੰਜਿਲ, ਫਰੀਦਕੋਟ ਵਿਖੇ ਕੰਮ ਵਾਲੇ ਦਿਨ ਸਵੇਰੇ 09:00 ਤੋਂ ਸ਼ਾਮ 05:00 ਤੱਕ ਹਾਜ਼ਰ ਹੋ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।