ਆਸ਼ੀਰਵਾਦ ਸਕੀਮ ਤਹਿਤ ਯੋਗ ਲਾਭਪਤਾਰੀਆਂ ਨੂੰ 1.92 ਕਰੋੜ ਰੁਪਏ ਦੀ ਰਾਸ਼ੀ ਜਾਰੀ- ਡਿਪਟੀ ਕਮਿਸ਼ਨਰ
ਫਰੀਦਕੋਟ 14 ਅਗਸਤ (ਪੰਜਾਬ ਡਾਇਰੀ)- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਸ਼ੀਰਵਾਦ ਸਕੀਮ ਤਹਿਤ ਜਿਲ੍ਹਾ ਫਰੀਦਕੋਟ ਨੂੰ 1.92 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ 51000/- ਰੁਪਏ ਦੀ ਆਰਥਿਕ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਦਸੰਬਰ 2022 ਤੋਂ ਲੈ ਕੇ ਮਹੀਨਾ ਫਰਵਰੀ 2023 ਤੱਕ ਦੇ 378 ਲਾਭਤਾਰੀਆਂ ਨੂੰ 1.92 ਕਰੋੜ ਦੀ ਅਦਾਇਗੀ ਸਿੱਧੇ ਤੌਰ ਤੇ ਡੀ.ਬੀ.ਟੀ ਮੋਡ ਰਾਹੀਂ ਉਨ੍ਹਾਂ ਦੇ ਨਿੱਜੀ ਬੈਂਕ ਖਾਤਿਆਂ ਵਿਚ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਲਾਭਪਾਤਰੀ ਇੱਕ ਹਫਤੇ ਦੇ ਅੰਦਰ-ਅੰਦਰ ਆਪਣੀ ਸਬੰਧਤ ਬੈਂਕ ਨਾਲ ਤਾਲਮੇਲ ਕਰਕੇ ਰਾਸ਼ੀ ਪ੍ਰਾਪਤ ਕਰਨ ।
ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ੍ਰੀ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਵਧਾਉਣ ਲਈ ਉਕਤ ਸਕੀਮ ਤਹਿਤ ਅਪਲਾਈ ਕਰਨ ਲਈ ਆਨ ਲਾਈਨ ਪੋਰਟਲ (ਅਸ਼ੀਰਵਾਦ ਪੋਰਟਲ) ਮਿਤੀ 01.04.2023 ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ । ਉਨ੍ਹਾਂ ਕਿਹਾ ਕਿ ਬਿਨੈਕਾਰ ਆਪਣੀ ਲੜਕੀ ਦੀ ਸ਼ਾਦੀ ਦੀ ਮਿਤੀ ਤੋਂ ਇੱਕ ਮਹੀਨਾ ਪਹਿਲਾਂ ਅਤੇ ਇੱਕ ਮਹੀਨਾ ਬਾਅਦ ਵਿੱਚ ਆਨ ਲਾਈਨ ਪੋਰਟਲ ਤੇ ਅਪਲਾਈ ਕਰ ਸਕਦੇ ਹਨ ।