ਇਕ ਪਾਸੇ ਧਰਮੀ ਹੋਣ ਦਾ ਭਰਮ ਤੇ ਦੂਜੇ ਪਾਸੇ ਮਨਮੱਤਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ : ਵਾੜਾਦਰਾਕਾ
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਕਥਾ ਕੀਰਤਨ ਸਮਾਗਮ
ਕੋਟਕਪੂਰਾ, 13 ਅਪ੍ਰੈਲ :- ਗੁਰਬਾਣੀ ਜੀਵਨ ਸਿਧਾਂਤ ਹੈ, ਗੁਰੂ ਸਾਹਿਬਾਨ ਦਾ ਫਲਸਫਾ ਸਾਡੇ ਲਈ ਮਾਰਗ ਦਰਸ਼ਕ ਹੈ, ਗੁਰਬਾਣੀ ਨੂੰ ਛੱਡ ਕੇ ਕਰਮਕਾਂਡਾਂ ਵਿੱਚ ਉਲਝਣਾ ਸਿਆਣਪ ਨਹੀਂ। ਸਥਾਨਕ ਸਿੱਖਾਂਵਾਲਾ ਸੜਕ ’ਤੇ ਸਥਿੱਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫਤਰ ਵਿਖੇ ਕਥਾ ਕੀਰਤਨ ਸਮਾਗਮ ਦੌਰਾਨ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਥੇਬੰਦੀ ਦੇ ਪ੍ਰਚਾਰਕ ਤੇ ਉੱਘੇ ਸਿੱਖ ਚਿੰਤਕ ਭਾਈ ਰਣਜੀਤ ਸਿੰਘ ਵਾੜਾਦਰਾਕਾ ਨੇ ਦੱਸਿਆ ਕਿ ਇਕ ਪਾਸੇ ਧਰਮੀ ਹੋਣ ਦਾ ਭਰਮ ਪਾਲਣਾ ਅਤੇ ਦੂਜੇ ਪਾਸੇ ਮਨਮੱਤਾਂ ਕਰਨੀਆਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਇਸ ਦਾ ਨਵੀਂ ਪੀੜੀ ਉੱਪਰ ਬੁਰਾ ਪ੍ਰਭਾਵ ਪੈਣਾ ਸੁਭਾਵਿਕ ਹੈ। ਉਹਨਾਂ ਖਾਲਸਾ ਸਾਜਨਾ ਦਿਵਸ ਸਮੇਤ ਹੋਰ ਗੁਰਪੁਰਬ ਅਤੇ ਇਤਿਹਾਸਿਕ ਦਿਹਾੜਿਆਂ ਦੀ ਮਹੱਤਤਾ ਸਬੰਧੀ ਅੰਕੜਿਆਂ ਸਹਿਤ ਦਲੀਲਾਂ ਨਾਲ ਸਾਂਝ ਪਾਈ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ਜਥੇਬੰਦੀ ਵਲੋਂ ਕੋਵਿਡ ਦੌਰਾਨ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੁਝ ਕੁ ਸਮੇਂ ਲਈ ਰੋਕੀਆਂ ਗਈਆਂ ਸਾਰੀਆਂ ਗਤੀਵਿਧੀਆਂ ਅਰਥਾਤ ਸੇਵਾਵਾਂ ਫਿਰ ਸ਼ੁਰੂ ਕਰ ਦਿੱਤੀਆਂ ਹਨ। ਜਿਵੇਂ ਕਿ ਨੈਤਿਕ ਸਿੱਖਿਆ ਇਮਤਿਹਾਨ ਸਕੂਲ-ਕਾਲਜ, ਹਫਤਾਵਾਰੀ ਗੁਰਮਤਿ ਕਲਾਸਾਂ, ਸ਼ਖਸ਼ੀਅਤ ਉਸਾਰੀ ਕੈਂਪ, ਯੂਥ ਫੈਸਟੀਵਲ ਆਦਿਕ ਕਾਰਜਾਂ ’ਚ ਸ਼ਿਰਕਤ ਕਰਨ ਲਈ ਜਥੇਬੰਦੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਥੇਬੰਦੀ ਵਲੋਂ ਕਰਵਾਏ ਗਏ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ 17 ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਜਥੇਬੰਦੀ ਦੇ ਸੇਵਾਦਾਰਾਂ ’ਚ ਸ਼ਾਮਲ ਬਲਵਿੰਦਰ ਸਿੰਘ ਕੋਟਕਪੂਰਾ, ਜਗਜੀਤ ਸਿੰਘ, ਸੰਤ ਸਿੰਘ, ਸੁਖਚੈਨ ਸਿੰਘ, ਜਸਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਹੁਣ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਸ਼ਾਮ ਨੂੰ 7:00 ਤੋਂ 9:00 ਵਜੇ ਤੱਕ ਹੋਣ ਵਾਲੇ ਕਥਾ ਕੀਰਤਨ ਸਮਾਗਮ ਦੌਰਾਨ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲਿਆਂ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ।