ਇਕ ਰੁੱਖ ਸੌ ਸੁੱਖ ਦਾ ਸਪੀਕਰ ਸੰਧਵਾਂ ਨੇ ਦਿੱਤਾ ਹੋਕਾ, ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦਾ ਦਿੱਤਾ ਸੁਨੇਹਾ
ਫ਼ਰੀਦਕੋਟ, 5 ਸਤੰਬਰ (ਪੰਜਾਬ ਡਾਇਰੀ)- ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇਕ ਰੁੱਖ ਸੌ ਸੁੱਖ ਦਾ ਹੋਕਾ ਦਿੰਦਿਆਂ ਦੇਵੀ ਵਾਲਾ ਤੋਂ ਸਿਰਸੜੀ ਜਾਣ ਵਾਲੀ ਸੜਕ ਦੇ ਕਿਨਾਰਿਆਂ ਤੇ ਵਣ ਵਿਭਾਗ ਵੱਲੋਂ ਰਵਾਇਤੀ ਰੁੱਖ ਲਗਾ ਕੇ ਲੋਕਾਂ ਨੂੰ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਬੋਲਦਿਆਂ ਆਪਣੇ ਸੰਬੋਧਨ ਵਿਚ ਸ. ਸੰਧਵਾਂ ਨੇ ਕਿਹਾ ਕਿ ਰੁੱਖਾਂ ਹੇਠੋਂ ਘਟਦਾ ਜਾ ਰਿਹਾ ਰਕਬਾ ਬਹੁਤ ਚਿੰਤਾ ਦਾ ਵਿਸ਼ਾ ਹੈ। ਮਨੁੱਖ ਲਾਲਚ ਦੀ ਤਲਵਾਰ ਨਾਲ ਆਪਣੀਆਂ ਹੀ ਜੜ੍ਹਾਂ ਵੱਢਦਾ ਜਾ ਰਿਹਾ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਜੋ ਵਿਅਕਤੀ ਉਨ੍ਹਾਂ ਦੇ ਗ੍ਰਹਿ ਵਿਖੇ ਆਪਣੇ ਕੰਮ ਕਰਵਾਉਣ ਆਉਂਦਾ ਹੈ ਇਕ ਬੂਟਾ ਲਗਾ ਕੇ ਉਸ ਦੀ ਫੋਟੋ ਖਿੱਚ ਕੇ ਨਾਲ ਲੈ ਕੇ ਆਉਂਦਾ ਹੈ ਤਾਂ ਉਸ ਦੇ ਕੰਮ ਨੂੰ ਤਰਜੀਹ ਦੇ ਨਜ਼ਰੀਏ ਦੇ ਨਾਲ ਵੇਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਹਰਿਆਲੀ ਦੀ ਮਿਕਦਾਰ ਕਈ ਸੂਬਿਆਂ ਨਾਲੋਂ ਘੱਟ ਹੈ, ਜਿਸ ਨੂੰ ਹਰ ਹੀਲੇ ਵਧਾਉਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਹਰ ਬੰਦੇ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਜਿਸ ਦੇ ਨਾਲ ਵਾਤਾਵਰਣ ਵਿੱਚ ਫ਼ੈਲ ਰਿਹਾ ਪ੍ਰਦੂਸ਼ਣ ਵੀ ਘਟਦਾ ਹੈ। ਉਹਨਾਂ ਰੁੱਖਾਂ ਦੇ ਲਾਭਦਾਇਕ ਗੁਣਾ ਬਾਰੇ ਦੱਸਦਿਆਂ ਆਖਿਆ ਕਿ ਇਸ ਦੇ ਨਾਲ ਜਿੱਥੇ ਵਾਤਾਵਰਨ ਸ਼ੁੱਧ ਸ਼ੁੱਧ ਹੁੰਦਾ ਹੈ ਉਥੇ ਇਹ ਬਾਰਿਸ਼ਾਂ ਅਤੇ ਹੜ੍ਹਾਂ ਵਰਗੀ ਸਥਿਤੀ ਵਿੱਚ ਵੀ ਸਹਾਈ ਹੁੰਦੇ ਹਨ।
ਸ. ਸੰਧਵਾਂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜਿਸ ਵੀ ਕਿਸੇ ਥਾਂ ਤੇ ਜਾਣ ਇਕ ਬੂਟਾ ਜ਼ਰੂਰ ਲਗਾਉਣ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੇਵਲ ਬੂਟੇ ਲਗਾਉਣ ਨਾਲ ਨਹੀਂ ਬਲਕਿ ਇਸ ਨੂੰ ਪਾਲਣ ਪੋਸ਼ਣ ਅਤੇ ਦੇਖਭਾਲ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਜੋ ਲੱਗਿਆ ਹੋਇਆ ਬੂਟਾ ਅਵਾਰਾ ਪਸ਼ੂਆਂ ਕਾਰਨ ਜਾਂ ਪਾਣੀ ਦੀ ਕਮੀ ਕਾਰਨ ਨੁਕਸਾਨਿਆਂ ਨਾ ਜਾਵੇ।
ਇਸ ਮੌਕੇ ਸ. ਚਮਕੌਰ ਸਿੰਘ ਵਣ ਰੇਂਜ ਅਫਸਰ ,ਸ. ਮਨਪ੍ਰੀਤ ਸਿੰਘ ਧਾਲੀਵਾਲ, ਡਾ. ਰਾਜਪਲ ਸਿੰਘ, ਅਮਨਦੀਪ ਸਿੰਘ, ਜਗਦੀਪ ਸਿੰਘ ਸਿਰਸਿੜੀ ਤੋਂ ਇਲਾਵਾ ਹੋਰ ਹਾਜ਼ਰ ਸਨ।