ਇੰਡੋਨੇਸ਼ੀਆ ’ਚ ਫਸੇ ਨੌਜਵਾਨਾਂ ਦੇ ਮੁੱਦੇ ’ਤੇ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ, ਸਕੱਤਰ ਡਾ. ਔਸਫ ਸਈਅਦ ਨੇ ਦਿੱਤਾ ਭਰੋਸਾ
ਅੰਮ੍ਰਿਤਸਰ, 27 ਮਈ (ਪੰਜਾਬੀ ਜਾਗਰਣ)- ਅਜਨਾਲਾ ਹਲਕੇ ਦੇ ਪਿੰਡ ਗੋਗੋਮਾਹਲ ਦੇ ਦੋ ਨੌਜਵਾਨ, ਜੋ ਕਿ ਕਿਸੇ ਠੱਗ ਟਰੈਵਲ ਏਜੰਟ ਦੇ ਭਰੋਸੇ ’ਚ ਆ ਕੇ ਇੰਡੋਨੇਸ਼ੀਆ ਵਿਖੇ ਕਤਲ ਕੇਸ ਦੇ ਇਲਜ਼ਾਮ ’ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਦੀ ਮਦਦ ਲਈ ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਦੇ ਵਿਦੇਸ਼ ਸਕੱਤਰ ਕੋਲ ਪਹੁੰਚ ਕਰਕੇ ਮਦਦ ਦੀ ਗੁਹਾਰ ਲਾਈ ਹੈ। ਚੰਡੀਗੜ੍ਹ ਵਿਖੇ ਵਿਦੇਸ਼ ਸਕੱਤਰ ਡਾ. ਔਸਫ ਸਈਅਦ ਨੂੰ ਮਿਲ ਕੇ ਧਾਲੀਵਾਲ ਨੇ ਦੱਸਿਆ ਕਿ ਗੁਰਮੇਜ ਸਿੰਘ ਤੇ ਅਜੇਪਾਲ ਸਿੰਘ ਨਾਂ ਦੇ ਇਹ ਨੌਜਵਾਨ ਵਿਦੇਸ਼ ਜਾਣ ਦੇ ਝਾਂਸੇ ’ਚ ਠੱਗੀ ਦਾ ਸ਼ਿਕਾਰ ਹੋਏ। ਇੰਡੋਨੇਸ਼ੀਆ ਵਿਚ ਇਨ੍ਹਾਂ ਨੂੰ ਉਕਤ ਕਥਿਤ ਮੁਲਜ਼ਮ ਭਾਰਤੀ ਮੂਲ ਦੇ ਏਜੰਟ ਨੇ ਇਨ੍ਹਾਂ ਨੂੰ ਬੰਧਕ ਬਣਾਈ ਰੱਖਿਆ ਅਤੇ ਫਿਰੌਤੀ ਵਸੂਲਣ ਦੀ ਕੋਸ਼ਿਸ਼ ਕੀਤੀ। ਇਥੋਂ ਬਚ ਨਿਕਲਣ ਦੇ ਚੱਕਰ ਵਿਚ ਹੋਈ ਲੜਾਈ ਦੌਰਾਨ ਏਜੰਟ ਦੀ ਮੌਤ ਹੋ ਗਈ ਅਤੇ ਇਹ ਮੁੰਡੇ ਇਸ ਦੋਸ਼ ਵਿਚ ਫੜੇ ਗਏ, ਜਿਨ੍ਹਾਂ ਨੂੰ ਸਥਾਨਕ ਅਦਾਲਤ ਨੇ ਫਾਂਸੀ ਦੀ ਸਜ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਵਿਦੇਸ਼ ਸਕੱਤਰ ਨੂੰ ਬੇਨਤੀ ਕੀਤੀ ਕਿ ਉਹ ਨਿੱਜੀ ਤੌਰ ਉਤੇ ਇਸ ਮਸਲੇ ਨੂੰ ਭਾਰਤ ਸਰਕਾਰ ਜ਼ਰੀਏ ਇੰਡੋਨੇਸ਼ੀਆ ਸਰਕਾਰ ਕੋਲ ਉਠਾਉਣ ਤਾਂ ਜੋ ਇਨ੍ਹਾਂ ਮੁੰਡਿਆਂ ਨੂੰ ਬਚਾਇਆ ਜਾ ਸਕੇ। ਧਾਲੀਵਾਲ ਨੇ ਦੱਸਿਆ ਕਿ ਡਾ. ਔਸਫ ਨੇ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਤੁਹਾਡੇ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਕਾਨੂੰਨੀ ਵਾਹ ਲਗਾਏਗੀ ਅਤੇ ਇਸ ਮਾਮਲੇ ਉਤੇ ਇੰਡੋਨੇਸ਼ੀਆ ਦੂਤਵਾਸ ਜ਼ਰੀਏ ਨੌਜਵਾਨਾਂ ਦੀ ਮਦਦ ਕੀਤੀ ਜਾਵੇਗੀ।