ਇੰਦੌਰ ’ਚ NOTA ਬਣਿਆ ‘ਲਖਪਤੀ’, ਗੋਪਾਲਗੰਜ ਦਾ ਪਿਛਲਾ ਰੀਕਾਰਡ ਤੋੜਿਆ
ਇੰਦੌਰ, 4 ਜੂਨ (ਰੋਜਾਨਾ ਸਪੋਕਸਮੈਨ)- ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ NOTA (ਉਪਰੋਕਤ ’ਚੋਂ ਕੋਈ ਵੀ ਨਹੀਂ) ਨੂੰ ਹੁਣ ਤਕ 1,27,277 ਵੋਟਾਂ ਮਿਲੀਆਂ ਹਨ, ਜਿਸ ਨੇ ਬਿਹਾਰ ਦੇ ਗੋਪਾਲਗੰਜ ਦਾ ਪਿਛਲਾ ਰੀਕਾਰਡ ਤੋੜ ਦਿਤਾ ਹੈ। ਕਾਂਗਰਸ ਉਮੀਦਵਾਰ ਦੇ ਇਸ ਸੀਟ ਤੋਂ ਪਿੱਛੇ ਹਟਣ ਤੋਂ ਬਾਅਦ ਪਾਰਟੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਵਿਰੁਧ ‘NOTA’ ਦਾ ਬਟਨ ਦਬਾਉਣ ਦੀ ਮੁਹਿੰਮ ਸ਼ੁਰੂ ਕੀਤੀ।
ਇੰਦੌਰ ’ਚ NOTA ਨੇ ਮੌਜੂਦਾ ਸੰਸਦ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਸ਼ੰਕਰ ਲਾਲਵਾਨੀ ਨੂੰ ਛੱਡ ਕੇ 13 ਉਮੀਦਵਾਰਾਂ ਨੂੰ ਹਰਾਇਆ ਹੈ। ਲਾਲਵਾਨੀ ਅਪਣੇ ਨੇੜਲੇ ਵਿਰੋਧੀ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਸੰਜੇ ਸੋਲੰਕੀ ਤੋਂ 6,85,316 ਵੋਟਾਂ ਦੇ ਰੀਕਾਰਡ ਫਰਕ ਨਾਲ ਅੱਗੇ ਚੱਲ ਰਹੇ ਹਨ।
2019 ਦੀਆਂ ਲੋਕ ਸਭਾ ਚੋਣਾਂ ’ਚ ਬਿਹਾਰ ਦੀ ਗੋਪਾਲਗੰਜ ਸੀਟ ’ਤੇ ਨੋਟਾ ਨੂੰ ਦੇਸ਼ ’ਚ ਸੱਭ ਤੋਂ ਵੱਧ ਵੋਟਾਂ ਮਿਲੀਆਂ ਸਨ। ਉਸ ਸਮੇਂ ਇਸ ਖੇਤਰ ਦੇ 51,660 ਵੋਟਰਾਂ ਨੇ NOTA ਦੀ ਚੋਣ ਕੀਤੀ ਸੀ ਅਤੇ ਕੁਲ ਵੋਟਾਂ ਦਾ ਲਗਭਗ ਪੰਜ ਫ਼ੀ ਸਦੀ NOTA ਲਈ ਪਿਆ ਸੀ। ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਤਾਮਿਲਨਾਡੂ ਦੇ ਨੀਲਗਿਰੀ ’ਚ ਨੋਟਾ ਨੂੰ 46,559 ਵੋਟਾਂ ਮਿਲੀਆਂ ਸਨ ਅਤੇ NOTA ਨੂੰ ਕੁਲ ਵੋਟਾਂ ਦਾ ਲਗਭਗ 5 ਫੀ ਸਦੀ ਵੋਟਾਂ ਮਿਲੀਆਂ ਸਨ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਤੰਬਰ 2013 ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ’ਚ NOTA ਬਟਨ ਸ਼ਾਮਲ ਕੀਤਾ ਗਿਆ ਸੀ। ਵੋਟ ਪਾਉਣ ਦਾ ਇਹ ਬਦਲ ਕਿਸੇ ਹਲਕੇ ਦੇ ਵੋਟਰਾਂ ਨੂੰ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦਾ ਮੌਕਾ ਦਿੰਦਾ ਹੈ।
ਕਾਂਗਰਸ ਉਮੀਦਵਾਰ ਅਕਸ਼ੈ ਕਾਂਤੀ ਬਾਮ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ 29 ਅਪ੍ਰੈਲ ਨੂੰ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਅਤੇ ਛੇਤੀ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ। ਨਤੀਜੇ ਵਜੋਂ, ਕਾਂਗਰਸ ਇਸ ਸੀਟ ਦੇ 72 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਚੋਣ ਦੌੜ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਕਾਂਗਰਸ ਨੇ ਸਥਾਨਕ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਈ.ਵੀ.ਐਮ. ’ਤੇ NOTA ਦਾ ਬਟਨ ਦਬਾ ਕੇ ਭਾਜਪਾ ਨੂੰ ਸਬਕ ਸਿਖਾਉਣ।