ਉਸਾਰੀ ਕਿਰਤੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਧਾਇਕ ਸ੍ਰੀ ਸੇਖੋਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਕਿਰਤ ਵਿਭਾਗ ਨੂੰ ਸਾਰੇ ਉਸਾਰੀ ਕਿਰਤੀਆਂ ਨੂੰ ਰਜਿਸਟਰਡ ਕਰਕੇ ਸਹੂਲਤਾਂ ਦੇਣ ਦੀ ਹਦਾਇਤ
ਕਿਰਤ ਵਿਭਾਗ ਦਾ ਲੇਬਰ ਕਮ ਕਾਨਸੀਲੇਸ਼ਨ ਦਫਤਰ ਫਰੀਦਕੋਟ ਵਿਖੇ ਖੋਲ੍ਹਣ ਦਾ ਭਰੋਸਾ ਦਵਾਇਆ
ਫਰੀਦਕੋਟ, 28 ਅਪ੍ਰੈਲ – (ਗੁਰਮੀਤ ਸਿੰਘ ਬਰਾੜ) ਕਿਰਤ ਵਿਭਾਗ ਨਾਲ ਸਬੰਧਤ ਉਸਾਰੀ ਕਿਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ, ਵਿਭਾਗ ਵੱਲੋਂ ਪੰਜੀਕ੍ਰਿਤ ਉਸਾਰੀ ਕਾਮਿਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੀ ਸਮੀਖਿਆ ਲਈ ਸ੍ਰੀ ਗੁਰਦਿੱਤ ਸਿੰਘ ਐਮ.ਐਲ.ਏ ਫਰੀਦਕੋਟ ਦੀ ਪ੍ਰਧਾਨਗੀ ਹੇਠ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਐਸ. ਡੀ.ਐਮ ਫਰੀਦਕੋਟ ਮੈਡਮ ਬਲਜੀਤ ਕੌਰ, ਰਾਜੀਵ ਸੋਢੀ ਲੇਬਰ ਇੰਸਪੈਕਟਰ ਤੋਂ ਇਲਾਵਾ ਉਸਾਰੀ ਮਜਦੂਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆ ਨੇ ਭਾਗ ਲਿਆ।
ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਸਾਰੀ ਕਾਮੇ ਸਾਡੇ ਸਮਾਜ ਦਾ ਅਹਿਮ ਅੰਗ ਹਨ, ਜੋ ਕਿ ਵਿਕਾਸ ਦੀ ਗਤੀ ਨੂੰ ਤੇਜ ਕਰਨ ਵਿੱਚ ਵੱਡਾ ਰੋਲ ਅਦਾ ਕਰਦੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਵੱਡੀ ਪੱਧਰ ਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਪਰ ਜਾਗਰੂਕਤਾ ਜਾਂ ਸਹੀ ਮਾਰਗ ਦਰਸ਼ਨ ਨਾ ਹੋਣ ਕਾਰਣ ਵੱਡੀ ਗਿਣਤੀ ਵਿੱਚ ਕਿਰਤੀ ਰਜਿਸਟਰਡ ਹੋਣੋ ਵਾਂਝੇ ਰਹਿ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਇਹ ਸਹੂਲਤਾਂ ਨਹੀਂ ਮਿਲਦੀਆਂ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਸਾਰੀ ਕਾਮਿਆਂ ਨੂੰ ਰਜਿਸਟਰਡ ਕਰਨ ਲਈ ਪੂਰੀ ਜਾਗਰੂਕਤਾ ਫੈਲਾਈ ਜਾਵੇ ਅਤੇ ਪਿੰਡ ਅਤੇ ਵਾਰਡ ਪੱਧਰ ਤੇ ਉਸਾਰੀ ਕਾਮਿਆਂ ਨੂੰ ਰਜਿਸਟਰਡ ਹੋਣ ਲਈ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇ ਤਾਂ ਜੋ ਉਹ ਵੱਖ ਵੱਖ ਤਰ੍ਹਾਂ ਦੀਆਂ ਮਿਲਦੀਆਂ ਵਿੱਤੀ ਸੇਵਾਵਾਂ ਤੋਂ ਵਾਂਝੇ ਨਾ ਰਹਿ ਜਾਣ।
ਇਸ ਮੌਕੇ ਉਸਾਰੀ ਕਿਰਤੀਆਂ ਤੇ ਉਨ੍ਹਾਂ ਦੇ ਨੁੰਮਾਇੰਦਿਆ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀਆਂ ਨਵੀਂਆ ਰਜਿਸਟਰੇਸ਼ਨਾਂ ਕਰਵਾਉਣ, ਵਜੀਫੇ ਅਤੇ ਪੈਨਸ਼ਨਾਂ ਦੀਆਂ ਅਰਜੀਆਂ ਜਮ੍ਹਾਂ ਕਰਵਾਉਣ, ਪੈਨਸ਼ਨਾਂ ਰੀਨਿਊ ਕਰਵਾਉਣ, ਮੈਡੀਕਲ ਦੇ ਕਲੇਮ ਆਦਿ ਕੰਮਾਂ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਫਾਰਮ ਬਹੁਤ ਗੁੰਝਲਦਾਰ ਹਨ ਜਿੰਨਾ ਨੂੰ ਉਹ ਖੁਦ ਨਹੀਂ ਭਰ ਸਕਦੇ । ਇਸ ਤੋਂ ਇਲਾਵਾਂ ਕਿਰਤੀਆਂ ਨੇ ਇਹ ਵੀ ਦੱਸਿਆ ਕਿ ਫਰੀਦਕੋਟ ਜਿਲਾ ਬਹੁਤ ਪੁਰਾਣਾ ਹੋਣ ਦੇ ਨਾਲ ਨਾਲ ਡਵੀਜਨ ਹੈਡ ਕੁਆਟਰ ਵੀ ਹੈ, ਪਰ ਕਿਰਤ ਵਿਭਾਗ ਵੱਲੋਂ ਏਥੇ ਅਜੇ ਤੱਕ ਜਿਲਾ ਪੱਧਰ ਦਾ (ਲੇਬਰ ਕਮ ਕਾਨਸੀਲੇਸ਼ਨ ਅਫਸਰ ) ਦਾ ਦਫਤਰ ਨਹੀਂ ਖੋਲ੍ਹਿਆ ਹੈ। ਫਰੀਦਕੋਟ ਦਾ ਸਾਰਾ ਕੰਟਰੋਲ ਮੋਗਾ ਵਿਖੇ ਹੈ। ਉਸਾਰੀ ਕਿਰਤੀ ਆਪਣੀ ਦਿਹਾੜੀ ਖਰਾਬ ਕਰਕੇ ਅਤੇ ਆਉਣ ਜਾਣ ਦੇ ਵੱਡੇ ਖਰਚੇ ਦੇ ਡਰੋਂ ਮੋਗਾ ਵਿਖੇ ਜਾਣ ਦੀ ਪਹੁੰਚ ਨਹੀਂ ਰੱਖਦੇ ਜਿਸ ਕਰਕੇ ਉਨ੍ਹਾਂ ਦੇ ਬਹੁਤੇ ਕੰਮ ਜਿਲਾ ਪੱਧਰ ਨਾਲ ਸਬੰਧਤ ਨਾ ਹੋਣ ਕਰਕੇ ਉਹ ਉਨ੍ਹਾਂ ਨੂੰ ਮਿਲਦੀਆਂ ਸਹੂਲਤਾਂ ਲੈਣ ਤੋਂ ਵਾਝੇ ਰਹਿ ਜਾਂਦੇ ਹਨ।
ਇਸ ਬਾਰੇ ਵਿਧਾਇਕ ਸ. ਸੇਖੋਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਫਰੀਦਕੋਟ ਵਿਖੇ ਕਿਰਤ ਵਿਭਾਗ ਦਾ ਲੇਬਰ ਕਮ ਕਾਨਸੀਲੇਸ਼ਨ ਦਫਤਰ ਖੋਲਣ ਦੀ ਤਜਵੀਜ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਭੇਜੀ ਜਾਵੇ। ਇਸ ਦੇ ਨਾਲ ਹੀ ਫਾਰਮ ਆਦਿ ਭਰਨ ਵਿੱਚ ਬਣੇ ਸਿਸਟਮ ਨੂੰ ਸੁਖਾਲਾਂ ਕਰਨ ਲਈ ਕਾਰਵਾਈ ਕੀਤੀ ਜਾਵੇ ਤਾਂ ਜੋ ਗਰੀਬ ਮਜਦੂਰ ਆਪਣਾ ਬਣਦਾ ਹੱਕ ਪ੍ਰਾਪਤ ਕਰਨ ਸਕਣ। ਉਨ੍ਹਾਂ ਯਕੀਨ ਦਵਾਇਆ ਕਿ ਉਹ ਇਸ ਸਬੰਧੀ ਕਿਰਤ ਕਮਿਸ਼ਨਰ ਪੰਜਾਬ ਨਾਲ ਵੀ ਮੀਟਿੰਗ ਕਰਨਗੇ ਅਤੇ ਕਿਰਤੀ ਕਾਮਿਆਂ ਨੂੰ ਵੱਧ ਤੋਂ ਵੱਧ ਰਜਿਸਟਰਡ ਕੀਤਾ ਜਾਵੇਗਾ ਅਤੇ ਇਸ ਕੰਮ ਲਈ ਉਹ ਪਾਰਟੀ ਵਰਕਰਾਂ ਦੀ ਵੀ ਡਿਊਟੀ ਲਗਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰ ਮਹੀਨੇ ਇਨ੍ਹਾਂ ਕੰਮਾਂ ਦੀ ਸਮੀਖਿਆ ਵੀ ਕਰਨਗੇ ਤਾਂ ਜੋ ਉਸਾਰੀ ਕਾਮਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।