ਏ.ਡੀ.ਸੀ. ਵਿਕਾਸ ਵੱਲੋਂ ਮੇਰਾ ਪਿੰਡ ਮੇਰੀ ਜਿੰਮੇਵਾਰੀ ਮੁਕਾਬਲਿਆਂ ਸਬੰਧੀ ਪੋਸਟਰ ਜਾਰੀ
– ਪਿੰਡ ਪੱਧਰ ਤੇ ਸੈਨੀਟੇਸ਼ਨ ਨਾਲ ਸਬੰਧਤ ਸਾਰੀਆਂ ਸਹੂਲਤਾਂ ਗ੍ਰਾਮ ਪੰਚਾਇਤਾਂ ਦੇ ਕਰਵਾਏ ਜਾਣਗੇ ਮੁਕਾਬਲੇ- ਏ.ਡੀ.ਸੀ. ਵਿਕਾਸ
ਫ਼ਰੀਦਕੋਟ, 13 ਅਪ੍ਰੈਲ – (ਗੁਰਮੀਤ ਸਿੰਘ ਬਰਾੜ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਸ-2 ਤਹਿਤ ਪਿੰਡਾਂ ਵਿੱਚ ਮੇਰਾ ਪਿੰਡ ਮੇਰੀ ਜਿੰਮੇਵਾਰੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਸਾਫ ਸਫਾਈ ਨੂੰ ਉਤਸ਼ਾਹਿਤ ਕਰਨਾ ਹੈ। ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਫੇਸ-2 ਵਿੱਚ ਓ.ਡੀ.ਐਫ(ਖੁੱਲੇ ਵਿੱਚ ਸੋਚ ਮੁਕਤ) ਘੋਸ਼ਿਤ ਹੋ ਚੁੱਕੇ ਪਿੰਡਾਂ ਨੂੰ ਸੈਨੀਟੇਸ਼ਨ ਨਾਲ ਸਬੰਧਤ ਹੋਰ ਸੁਵਿਧਾਵਾਂ ਦੇ ਕੇ ਓ.ਡੀ.ਐਫ ਪਲੱਸ ਕੀਤਾ ਜਾਣਾ ਹੈ।
ਅੱਜ ਜ਼ਿਲ੍ਹਾ ਪ੍ਰੀਸ਼ਦ ਦਫਤਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਇਸ ਸਬੰਧੀ ਇੱਕ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਿਆਂ ਵਿੱਚ ਸਭ ਤੋਂ ਸਾਫ ਪਿੰਡ ਜਿਸ ਵਿੱਚ ਸੈਨੀਟੇਸ਼ਨ ਨਾਲ ਸਬੰਧਤ ਸਾਰੀਆਂ ਸਹੂਲਤਾਂ ਹੋਣ ਦੀ ਚੋਣ ਲਈ ਗ੍ਰਾਮ ਪੰਚਾਇਤਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਅਤੇ ਪੰਚਾਂ-ਸਰਪੰਚਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਲਈ ਜ਼ਿਲ੍ਹਾ ਪੱਧਰੀ ਇੱਕ ਚੋਣ ਕਮੇਟੀ ਬਣਾਈ ਗਈ ਹੈ ਜੋ ਕਿ ਜ਼ਿਲ੍ਹੇ ਦੇ ਸਭ ਤੋਂ ਸਾਫ ਪਿੰਡ ਦੀ ਚੋਣ ਕਰੇਗੀ। ਜੇਤੂ ਪੰਚਾਇਤ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜੋ ਕਿ ਪਿੰਡ ਵਿੱਚ ਹੋਰ ਸਹੂਲਤਾਂ ਪ੍ਰਦਾਨ ਕਰਨ ਤੇ ਲਗਾਇਆ ਜਾਵੇਗਾ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਇੱਕ ਨੈਸ਼ਨਲ ਓ.ਡੀ.ਐਫ ਪਲੱਸ ਫਿਲਮ ਕੰਪੀਟੀਸ਼ਨ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਚਾਇਤਾਂ ਵੱਲੋਂ ਇੱਕ 5 ਮਿੰਟ ਦੀ ਡਾਕੂਮੈਂਟਰੀ ਫਿਲਮ ਬਣਾਈ ਜਾਵੇਗੀ ਜਿਸ ਵਿੱਚ ਪਿੰਡ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦਿਖਾਇਆ ਜਾਵੇਗਾ। ਰਾਜ ਪੱਧਰ ਤੇ ਚੁਣੀ ਵਧੀਆ ਫਿਲਮ ਨੂੰ 1 ਲੱਖ ਦਾ ਪਹਿਲਾਂ ਇਨਾਮ, 75000/- ਦਾ ਦੂਜਾ ਇਨਾਮ ਅਤੇ 50000/- ਦਾ ਤੀਜਾ ਇਨਾਮ ਰੱਖਿਆ ਗਿਆ ਹੈ ਅਤੇ ਤਿੰਨ ਇਨਾਮ 10000/- ਰੁਪਏ ਦੇ ਹੌਸਲਾ ਵਧਾਊ ਰੱਖੇ ਗਏ ਹਨ। ਵਧੀਆ ਫਿਲਮ ਨੂੰ ਨੈਸ਼ਨਲ ਲੈਵਲ ਤੇ ਮੁਕਾਬਲੇ ਲਈ ਭੇਜਿਆ ਜਾਵੇਗਾ। ਉਨ੍ਹਾਂ ਸਰਪੰਚਾਂ ਨੂੰ ਵੱਧ ਤੋਂ ਵੱਧ ਇਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਮੇਰਾ ਪਿੰਡ ਮੇਰੀ ਜਿੰਮੇਵਾਰੀ ਮੁਕਾਬਲੇ ਦੀ ਆਖਰੀ ਮਿਤੀ 30 ਅਪ੍ਰੈਲ ਹੈ।
ਇਸ ਮੌਕੇ ਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ. ਰਸਾਲ ਸਿੰਘ, ਜੇ.ਈ ਸ. ਗੁਰਪ੍ਰੀਤ ਸਿੰਘ, ਜ਼ਿਲ੍ਹਾ ਕੌਆਰਡੀਨੇਟਰ ਸੈਨੀਟੇਸ਼ਨ ਸ੍ਰੀ ਨੀਰਜ ਕੁਮਾਰ, ਲਲਿਤ ਅਰੌੜਾ ਤੇ ਦਰਸ਼ਨ ਲਾਲ ਐਸ.ਡੀ.ਓ ਹਾਜ਼ਰ ਸਨ।