ਐਡਵੋਕੇਟ ਬੀਰਇੰਦਰ ਅਤੇ ਸਪੀਕਰ ਸੰਧਵਾਂ ਦੇ ਪੀ.ਆਰ.ਓ ਮਨਪ੍ਰੀਤ ਧਾਲੀਵਾਲ ਨੇ ਪੀ.ਡਬਲਿਊ.ਡੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫ਼ਰੀਦਕੋਟ 30 ਨਵੰਬਰ (ਪੰਜਾਬ ਡਾਇਰੀ)- ਪਿੰਡ ਸੰਧਵਾਂ ਤੇ ਆਸ-ਪਾਸ ਤੇ ਇਲਾਕਿਆਂ ਵਿੱਚ ਕਿਸੇ ਵੱਡੇ ਪ੍ਰੋਜੈਕਟ ਨੂੰ ਲਿਆਉਣ ਅਤੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੇ ਆਦੇਸ਼ਾਂ ਤੇ ਬੁੱਧਵਾਰ ਬਾਅਦ ਦੁਪਹਿਰ ਐਡਵੋਕੇਟ ਬੀਰਇੰਦਰ ਅਤੇ ਪੀ.ਆਰ.ਓ ਮਨਪ੍ਰੀਤ ਧਾਲੀਵਾਲ ਵੱਲੋਂ ਪੀ.ਡਬਲਿਊ.ਡੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਨਪ੍ਰੀਤ ਧਾਲੀਵਾਲ ਨੇ ਦੱਸਿਆ ਕਿ ਪੀ.ਡਬਲਿਊ.ਡੀ ਦੇ ਅਧਿਕਾਰੀਆਂ ਨੂੰ ਪਿੰਡ ਸੰਧਵਾਂ ਵਿਖੇ ਕਿਸੇ ਵੱਡੇ ਸਟੇਡੀਅਮ ਅਤੇ ਕੋਟਕਪੂਰਾ, ਫਰੀਦਕੋਟ ਸੜਕ ਨੂੰ ਚਾਰ ਮਾਰਗੀ ਕਰਨ ਤੋਂ ਇਲਾਵਾ ਕੋਟਕਪੂਰਾ ਸ਼ਹਿਰ ਵਿੱਚ ਲਾਈਟ ਪੁਆਇੰਟ ਨੇੜੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ, ਜਲਾਲੇਆਣਾ ਰੋਡ ਵਿਖੇ ਸੀਵਰੇਜ ਪਾਉਣ ਉਪਰੰਤ ਸੜਕ ਬਣਾਉਣ ਸਬੰਧੀ ਕੰਮਾਂ ਦਾ ਜਾਇਜ਼ਾ ਲਿਆ ਗਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮਨਪ੍ਰੀਤ ਧਾਲੀਵਾਲ ਨੇ ਮੌਕੇ ਤੇ ਹਾਜ਼ਰ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਸਪੀਕਰ ਸੰਧਵਾਂ ਨੇ ਚਾਹਿਆ ਹੈ ਕਿ ਸੜਕ ਨਿਰਮਾਣ ਤੋਂ ਪਹਿਲਾਂ ਜੋ ਵੀ ਪਾਈਪ ਆਦਿ ਪਾਈਆਂ ਜਾਣੀਆਂ ਹਨ ਇਹਨਾਂ ਦਾ ਕੰਮ ਮੁਕੰਮਲ ਕਰਨ ਉਪਰੰਤ ਹੀ ਸੜਕ ਦਾ ਨਿਰਮਾਣ ਵਿੱਢਿਆ ਜਾਵੇ। ਉਹਨਾਂ ਕਿਹਾ ਸੜਕ ਬਣਾਉਣ ਤੋਂ ਬਾਅਦ ਕੋਈ ਪੱਟ ਪਟਈਆ ਨਾ ਕੀਤਾ ਜਾਵੇ ਤਾਂ ਜੋ ਸਰਕਾਰੀ ਖਜਾਨੇ ਤੇ ਵਾਧੂ ਬੋਝ ਨਾ ਪਵੇ ਅਤੇ ਕੰਮ ਸਹੀ ਤੇ ਤਸੱਲੀਬਖਸ਼ ਹੋਵੇ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਰਾਹੀਂ ਲੋਕਾਂ ਨੂੰ ਮਿਲ ਰਹੇ ਲਾਭ ਬਾਰੇ ਵੀ ਗੱਲਬਾਤ ਹੋਈ। ਇਸ ਦੌਰਾਨ ਹਾਜ਼ਰ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਲੋਕਾਂ ਤੱਕ ਲੈ ਕੇ ਜਾਣ ਲਈ ਪੰਜ 5 ਮੈਡੀਕਲ ਵੈਨਾਂ ਨੂੰ ਸਪੀਕਰ ਸੰਧਵਾ ਵਲੋਂ ਲੋਕਾਂ ਦੇ ਸਪੁਰਦ ਕੀਤਾ ਗਿਆ ਸੀ।ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਖੋਲੇ ਗਏ 12 ਆਮ ਆਦਮੀ ਕਲੀਨਿਕਾਂ ਦਾ ਫਾਇਦਾ ਵੀ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਨੂੰ ਪਹੁੰਚ ਰਿਹਾ ਹੈ। ਲੋਕ ਹੁਣ ਬਿਨ੍ਹਾਂ ਕਿਸੇ ਮਹਿੰਗੇ ਟੈਸਟਾਂ ਦੇ ਡਰ-ਭੈਅ ਤੋਂ ਆਮ ਆਦਮੀ ਕਲੀਨਿਕਾਂ ’ਤੋਂ ਮੁਫ਼ਤ ਇਲਾਜ਼ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਅਤੇ ਘਰਾਂ ਨੇੜੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ ਅਤੇ ਇਸ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਖਿਡਾਰੀਆਂ ਨੂੰ ਹਰ ਕਿਸਮ ਦੀ ਸਹੂਲਤ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ, ਜਿਸ ਖਾਤਰ ਫੰਡਾਂ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।