ਔਰਤ ਦੇ ਖ਼ੁਸ਼ਹਾਲ ਅਤੇ ਆਤਮਨਿਰਭਰ ਹੋਣ ਨਾਲ ਸਮੁੱਚਾ ਸਮਾਜ ਤਰੱਕੀ ਕਰ ਸਕਦਾ ਹੈ। ਇਸ ਦੇ ਲਈ ਇਹ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਔਰਤਾਂ ਲਈ ਸਵੈ – ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾ ਦਿੱਤੇ ਜਾਣ। ਗ੍ਰਾਮੀਣ ਸਵੈ – ਰੁਜ਼ਗਾਰ ਤਹਿਤ ਜੇਕਰ ਔਰਤਾਂ ਨੂੰ ਜ਼ਿਲ੍ਹੇ ਜਾਂ ਬਲਾਕ ਪੱਧਰ ‘ਤੇ ਫੂਡ ਪ੍ਰੋਸੈਸਿੰਗ ਸਿਖਲਾਈ ਦਿੱਤੀ ਜਾ ਸਕੇ ਤਾਂ ਪੇਂਡੂ ਅੋੌਰਤਾਂ ਆਪਣੇ ਪੱਧਰ ‘ਤੇ ਆਰਥਿਕ ਪੱਖੋਂ ਵਧੇਰੇ ਮਜ਼ਬੂਤ ਹੋ ਸਕਦੀਆਂ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਸਰਕਾਰ ਔਰਤਾਂ ਨੂੰ ਸਿਖਲਾਈ ਪ੍ਰਾਪਤ ਕਰਨ ਲਈ ਸਿਖਲਾਈ ਦੇ ਦੌਰਾਨ ਬੱਸ ਕਿਰਾਏ ਦੇ ਨਾਲ਼ – ਨਾਲ਼ ਰਹਿਣ ਲਈ ਅਤੇ ਭੋਜਨ ਲਈ ਯੋਗ ਪ੍ਰਬੰਧ ਕਰ ਦੇਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਗ੍ਰਾਮੀਣ ਸਵੈ – ਰੁਜ਼ਗਾਰ ਦੀ ਸਿਖਲਾਈ ਤਹਿਤ ਔਰਤਾਂ ਨੂੰ ਵੱਖ – ਵੱਖ ਤਰ੍ਹਾਂ ਦੇ ਆਚਾਰ , ਚਟਣੀਆਂ , ਮੁਰੱਬੇ , ਜੈਮ , ਸੁਕੈਸ਼ , ਲਸਣ , ਆਲੂ ਅਤੇ ਅਦਰਕ ਦੇ ਪੇਸਟ ਤੇ ਚਿਪਸ ਆਦਿ ਬਣਾਉਣ ਦੇ ਨਾਲ਼ – ਨਾਲ਼ ਸਵੈ – ਰੱਖਿਆ , ਵਿੱਤੀ ਜਾਣਕਾਰੀ ਜਾਂ ਹੋਰ ਹਸਤ – ਕਲਾਵਾਂ ( ਬੋਹੀਏ , ਛਿੱਕੂ , ਚਟਾਈਆਂ , ਟੋਕਰੀਆਂ , ਬਾਂਸ ਦਾ ਸਜਾਵਟੀ ਸਾਮਾਨ , ਕੁਰਸੀਆਂ ਜਾਂ ਹੋਰ ਸਾਜ਼ੋ – ਸਾਮਾਨ ਆਦਿ ) ਸੰਬੰਧੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਤਮ – ਨਿਰਭਰ ਅਤੇ ਆਰਥਿਕ ਤੇ ਸਮਾਜਿਕ ਪੱਖੋਂ ਮਜ਼ਬੂਤ ਵੀ ਬਣਾਇਆ ਜਾ ਸਕਦਾ ਹੈ।ਇਸ ਸਭ ਦਾ ਲਾਭ ਗ੍ਰਾਮੀਣ ਤੇ ਪਿਛੜੇ ਖੇਤਰ ਦੀਆਂ ਔਰਤਾਂ ਨੂੰ ਮਿਲ ਸਕਦਾ ਹੈ।ਜੇਕਰ ਸਰਕਾਰ ਇਸ ਸੰਬੰਧੀ ਕੁਝ ਚੰਗੇ ਕਦਮ ਚੁੱਕ ਸਕੇ ਤਾਂ ਖ਼ਾਸ ਤੌਰ ‘ਤੇ ਗ੍ਰਾਮੀਣ ਔਰਤਾਂ ਲਈ ਜਿੱਥੇ ਰੁਜ਼ਗਾਰ ਦਾ ਪ੍ਰਬੰਧ ਹੋ ਜਾਵੇਗਾ , ਉੱਥੇ ਹੀ ਇਨ੍ਹਾਂ ਸਦਕਾ ਭਾਈਚਾਰਕ ਸਾਂਝ ਤੇ ਖੁਸ਼ਹਾਲੀ ਦੀ ਤੰਦ ਵੀ ਮਜ਼ਬੂਤ ਹੋਵੇਗੀ।
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356